ਗੁਰਦੇਵ ਸਿੰਘ ਗਹੂੰਣ
ਬਲਾਚੌਰ, 7 ਸਤੰਬਰ
ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿੱਚ ਹਾੜ੍ਹੀ ਦੀਆਂ ਫਸਲਾਂ ਸਬੰਧੀ ਜਾਗਰੂਕ ਕਰ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਵਿੱਚ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਡਾ. ਅਸ਼ੋਕ ਕੁਮਾਰ, ਸਤਨਾਮ ਸਿੰਘ ਜਲਾਲਪੁਰ ਅਤੇ ਡਾ. ਮਨਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼ ਤਕਨੀਕਾਂ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਯੂਨੀਵਰਸਿਟੀ ਨੇ ਆਪਣੇ ਖੇਤਰੀ ਖੋਜ ਕੇਂਦਰ ਰਾਹੀਂ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਇਤਿਹਾਸਿਕ ਕਾਰਜ ਕੀਤਾ ਹੈ। ਇਹ ਮੇਲੇ ਇਲਾਕੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਹਾਈ ਹੋਣਗੇ। ਉਪ ਕੁਲਪਤੀ ਡਾ. ਗੋਸਲ ਨੇ ਮੇਲੇ ਦਾ ਉਦੇਸ਼ ‘ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਖੇਤੀ ਦੀ ਸਿੱਖਿਆ ਅਤੇ ਖੇਤੀ ਨਾਲ ਅਗਲੀਆਂ ਪੀੜ੍ਹੀਆਂ ਨੂੰ ਜੋੜਨਾ ਬੇਹੱਦ ਜ਼ਰੂਰੀ ਹੈ। ਡਾ. ਗੋਸਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਸਵੈ ਮੰਡੀਕਰਨ ਰਾਹੀਂ ਆਪਣੀਆਂ ਜਿਣਸਾਂ ਦੇ ਵੱਧ ਭਾਅ ਲੈਣ ਦੇ ਤਰੀਕੇ ਨੂੰ ਅਪਣਾਉਣਾ ਚਾਹੀਦਾ ਹੈ। ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ. ਅਸ਼ੋਕ ਕੁਮਾਰ,ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਡਾ. ਮਨਮੋਹਨਜੀਤ ਸਿੰਘ ਡੀਨ ,ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਕੁਲਦੀਪ ਸਿੰਘ ਆਦਿ ਪਤਵੰਤਿਆਂ ਨੇ ਵੀ ਵਿਚਾਰ ਸਾਂਝੇ ਕੀਤੇ।