ਲਾਹੌਰ, 7 ਸਤੰਬਰ
ਖੁਫ਼ੀਆ ਏਜੰਸੀਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਵੱਡੇ ਦਹਿਸ਼ਤੀ ਹਮਲੇ ਨੂੰ ਨਾਕਾਮ ਕਰਦਿਆਂ ਅਲਕਾਇਦਾ ਅਤੇ 133 ਬ੍ਰਿਗੇਡ ਸਮੇਤ ਵੱਖ-ਵੱਖ ਪਾਬੰਦੀਸ਼ੁਦਾ ਜਥੇਬੰਦੀਆਂ ਦੇ 33 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਪੰਜਾਬ ਪੁਲੀਸ ਦੇ ਅਤਿਵਾਦ ਰੋਕੂ ਵਿਭਾਗ (ਸੀਟੀਡੀ) ਮੁਤਾਬਕ ਪੁਲੀਸ ਨੇ ਅਤਿਵਾਦੀਆਂ ਖ਼ਿਲਾਫ਼ 32 ਕੇਸ ਦਰਜ ਕੀਤੇ ਹਨ ਅਤੇ ਉਨ੍ਹਾਂ ਨੂੰ ਅਣਦੱਸੀ ਥਾਂ ’ਤੇ ਲਿਜਾਇਆ ਗਿਆ ਹੈ। ਅਤਿਵਾਦ ਰੋਕੂ ਵਿਭਾਗ ਨੇ ਇਸ ਹਫ਼ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 475 ਖੁਫ਼ੀਆ ਅਪਰੇਸ਼ਨ ਚਲਾਏ ਹਨ। ਵਿਭਾਗ ਨੇ ਬਿਆਨ ਵਿੱਚ ਕਿਹਾ, ‘ਘੱਟੋ-ਘੱਟ 475 ਸ਼ੱਕੀ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਸੀ।’ ਉਨ੍ਹਾਂ ਕਿਹਾ, ‘ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅਪਰੇਸ਼ਨ ਦੌਰਾਨ ਪਾਬੀਸ਼ੁਦਾ ਜਥੇਬੰਦੀਆਂ ਨਾਲ ਜੁੜੇ 33 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਵਿੱਚ ਦਹਿਸ਼ਤੀ ਹਮਲੇ ਨੂੰ ਨਾਕਾਮ ਕੀਤਾ ਗਿਆ ਹੈ।’ ਅਲਕਾਇਦਾ, 133 ਬ੍ਰਿਗੇਡ, ਸਿਪਾਹ ਸਹਾਬਾ ਪਾਕਿਸਤਾਨ, ਲਸ਼ਕਰ ਝਾਂਗਵੀ ਅਤੇ ਤਹਿਰੀਕ ਜਫ਼ਰੀਆ ਪਾਕਿਸਤਾਨ ਨਾਲ ਸਬੰਧਤ ਅਤਿਵਾਦੀਆਂ ਨੂੰ ਹਥਿਆਰਾਂ, ਧਮਾਕਾਖੇਜ਼ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਦੋ ਗਰਨੇਡ, ਦੋ ਬਾਰੂਦੀ ਸੁਰੰਗਾਂ, 26 ਡੈਟੋਨੇਟਰ, ਚਾਰ ਪਿਸਤੌਲ, ਗੋਲੀਆਂ ਅਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਹੋਇਆ ਹੈ। -ਪੀਟੀਆਈ