ਨਵੀਂ ਦਿੱਲੀ, 8 ਸਤੰਬਰ
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਤਹਿਤ ‘ਆਪ’ ਪੰਜ ਸੀਟਾਂ ’ਤੇ ਚੋਣ ਲੜਨ ਲਈ ਸਹਿਮਤ ਹੋ ਗਈ ਹੈ। ਪਾਰਟੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਗੱਠਜੋੜ ਸੋਮਵਾਰ ਨੂੰ ਹੋ ਸਕਦਾ ਹੈ। ‘ਆਪ’ ਦੇ ਇਕ ਸੂਤਰ ਨੇ ਦੱਸਿਆ, ‘‘ਕਾਂਗਰਸੀ ਆਗੂ ਦੀਪਕ ਬਾਬਰੀਆ ਅਤੇ ‘ਆਪ’ ਆਗੂ ਰਾਘਵ ਚੱਢਾ ਵਿਚਾਲੇ ਗੱਲਬਾਤ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਸੰਭਾਵਨਾ ਹੈ ਕਿ ਭਲਕ ਤੱਕ ਗੱਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ।’’ ‘ਆਪ’ ਨੇ ਸੂਬੇ ਵਿੱਚ ਪੰਜ ਸੀਟਾਂ ’ਤੇ ਚੋਣ ਲੜਨ ’ਤੇ ਸਹਿਮਤੀ ਪ੍ਰਗਟਾਈ ਹੈ।’’
ਇਸ ਤੋਂ ਪਹਿਲਾਂ ਦਿਨ ਵਿੱਚ, ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਸੀ ਕਿ ਕਾਂਗਰਸ ਅਤੇ ਉਨ੍ਹਾਂ ਦੀ ਪਾਰਟੀ ਦੋਵੇਂ ਆਪੋ-ਆਪਣੀਆਂ ਨਿੱਜੀ ਇੱਛਾਵਾਂ ਨੂੰ ਵੱਖ ਰੱਖ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਚੱਢਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਵਿਚਾਲੇ ਅਜੇ ਤੱਕ ਗੱਠਜੋੜ ਬਾਰੇ ਸਹਿਮਤੀ ਨਹੀਂ ਬਣੀ ਹੈ ਪਰ ਗੱਲਬਾਤ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਚੰਗੇ ਨਤੀਜੇ ਆਉਣ ਦੀ ਆਸ ਹੈ। ਉਨ੍ਹਾਂ ਇਹ ਵੀ ਕਿਹਾ, ‘‘ਜੇਕਰ ਦੋਵੇਂ ਧਿਰਾਂ ਲਈ ਫਾਇਦੇਮੰਦ ਸਥਿਤੀ ਨਹੀਂ ਬਣਦੀ ਹੈ ਤਾਂ ਆਮ ਆਦਮੀ ਪਾਰਟੀ ਗੱਠਜੋੜ ਵਾਸਤੇ ਅੱਗੇ ਨਹੀਂ ਵਧੇਗੀ।’’ ਚੱਢਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਗੱਲਬਾਤ ਸਕਾਰਾਤਮਕ ਮਾਹੌਲ ਵਿੱਚ ਹੋ ਰਹੀ ਹੈ। ਦੋਵੇਂ ਪਾਰਟੀਆਂ ਆਪਣੀਆਂ ਅਤੇ ਉਮੀਦਵਾਰਾਂ ਦੀਆਂ ਇੱਛਾਵਾਂ ਨੂੰ ਵੱਖ ਰੱਖ ਕੇ ਇਕਜੁੱਟਤਾ ਅਤੇ ਹਰਿਆਣਾ ਦੇ ਲੋਕਾਂ ਦੀਆਂ ਮੰਗਾਂ ਨੂੰ ਤਰਜੀਹ ਦਿੰਦੇ ਹੋਏ ਨਾਲ ਮਿਲ ਕੇ ਚੋਣਾਂ ਲੜਨ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ, ‘‘ਸੀਟਾਂ ਦੀ ਵੰਡ ਨੂੰ ਲੈ ਕੇ ਹਰੇਕ ਬਿਓਰੇ ’ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਦੋਵੇਂ ਹੀ ਪਾਰਟੀਆਂ ਦੀ ਗੱਠਜੋੜ ਕਰਨ ਦੀ ਇੱਛਾ ਹੈ।’’ ਸੂਤਰਾਂ ਮੁਤਾਬਕ, ‘ਆਪ’ ਜਿੱਥੇ 10 ਸੀਟਾਂ ਦੀ ਮੰਗ ਕਰ ਰਹੀ ਹੈ ਉੱਥੇ ਕਾਂਗਰਸ ਉਸ ਨੂੰ ਸਿਰਫ ਸੱਤ ਸੀਟਾਂ ਦੇਣ ਨੂੰ ਤਿਆਰ ਹੈ। ਹਾਲਾਂਕਿ, ਚੱਢਾ ਨੇ ਸੀਟਾਂ ਦੀ ਵੰਡ ਬਾਰੇ ਹੁਣ ਤੱਕ ਹੋਈ ਚਰਚਾ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਨਾਮਜ਼ਦਗੀ ਦੀ ਆਖਰੀ ਤਰੀਕ 12 ਸਤੰਬਰ ਤੋਂ ਪਹਿਲਾਂ ਹੀ ਫੈਸਲਾ ਲੈ ਲਵਾਂਗੇ। ਜੇ ਕੋਈ ਫਾਇਦੇਮੰਦ ਸਥਿਤੀ ਨਹੀਂ ਬਣਦੀ ਤਾਂ ਅਸੀਂ ਇਸ ਨੂੰ ਛੱਡ ਦੇਵਾਂਗੇ। ਗੱਲਬਾਤ ਚੱਲ ਰਹੀ ਹੈ, ਚੰਗੀ ਚਰਚਾ ਹੋ ਰਹੀ ਹੈ, ਮੈਨੂੰ ਆਸ ਹੈ ਕਿ ਇਸ ਦਾ ਕੋਈ ਚੰਗਾ ਨਤੀਜਾ ਨਿਕਲੇਗਾ।’’ ਇਸ ਤੋਂ ਪਹਿਲਾਂ, ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੁੂਸਿਵ ਅਲਾਇੰਸ (ਇੰਡੀਆ) ਵਿੱਚ ਭਾਈਵਾਲ ਕਾਂਗਰਸ ਅਤੇ ‘ਆਪ’ ਨੇ ਦਿੱਲੀ, ਹਰਿਆਣਾ ਅਤੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ ਵੀ ਸੀਟਾਂ ਦੀ ਵੰਡ ਬਾਰੇ ਸਮਝੌਤਾ ਕੀਤਾ ਸੀ। ਹਰਿਆਣਾ ਵਿੱਚ ‘ਆਪ’ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਸੂਬੇ ਵਿੱਚ ਲੋਕ ਸਭਾ ਚੋਣਾਂ ’ਚ ਪਾਰਟੀ ਦੇ ਇੱਕਮਾਤਰ ਉਮੀਦਵਾਰ ਸਨ। ਉਹ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰ ਗਏ ਸਨ। ਕਾਂਗਰਸ ਅਤੇ ‘ਆਪ’ ਨੇ ਪੰਜਾਬ ਵਿੱਚ ਵੱਖ-ਵੱਖ ਚੋਣਾਂ ਲੜੀਆਂ ਸਨ। -ਪੀਟੀਆਈ
ਮੋਦੀ ਦੀ ਕੁਰੂਕਸ਼ੇਤਰ ’ਚ ਰੈਲੀ 14 ਨੂੰ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਆਪਣੀ ਪਹਿਲੀ ਰੈਲੀ 14 ਸਤੰਬਰ ਨੂੰ ਕੁਰੂਕਸ਼ੇਤਰ ਵਿੱਚ ਕਰਨਗੇ। ਇਹ ਜਾਣਕਾਰੀ ਅੱਜ ਇੱਕ ਭਾਜਪਾ ਆਗੂ ਨੇ ਦਿੱਤੀ। ਹਰਿਆਣਾ ਭਾਜਪਾ ਦੇ ਜਨਰਲ ਸਕੱਤਰ ਅਤੇ ਕਰਨਾਲ ਤੋਂ ਸਾਬਕਾ ਸੰਸਦ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ 14 ਸਤੰਬਰ ਨੂੰ ਕੁਰੂਕਸ਼ੇਤਰ ਦੇ ਥੀਮ ਪਾਰਕ ਵਿੱਚ ਦੁਪਹਿਰ ਸਮੇਂ ਇਕ ਰੈਲੀ ਨੂੰ ਸੰਬੋਧਨ ਕਰਨਗੇ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇਹ ਮੋਦੀ ਦੀ ਪਹਿਲੀ ਰੈਲੀ ਹੋਵੇਗੀ। -ਪੀਟੀਆਈ
ਭਗਵੰਤ ਮਾਨ ਦੀ ਪਤਨੀ ਜਾਂ ਸਹੁਰਾ ਵੀ ਨਿੱਤਰ ਸਕਦੇ ਨੇ ਮੈਦਾਨ ’ਚ
ਚੰਡੀਗੜ੍ਹ (ਟਨਸ): ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਪਿਹੋਵਾ, ਫ਼ਰੀਦਾਬਾਦ, ਗੁਰੂਗ੍ਰਾਮ, ਜੀਂਦ, ਕਲਾਇਤ, ਪਾਣੀਪਤ ਦਿਹਾਤੀ ਸੀਟ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਨੂੰ ਹਥੀਨ ਤੇ ਸੋਹਨਾ ਸੀਟ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਹੋਵਾ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਘ ਮਾਨ ਦੀ ਪਤਨੀ ਜਾਂ ਉਨ੍ਹਾਂ ਦੇ ਸਹੁਰੇ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਕਲਾਇਤ ਤੋਂ ‘ਆਪ’ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।