ਮੁੰਬਈ, 8 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਾਰਸੀਆਂ ਨੇ ਦੇਸ਼ ਦੇ ਵਿਕਾਸ ’ਚ ਖਾਮੋਸ਼ ਰਹਿ ਕੇ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਸਫ਼ਰ ’ਚ ਗੁਜਰਾਤੀ ਅਖ਼ਬਾਰ ‘ਮੁੰਬਈ ਸਮਾਚਾਰ’ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਦਸਤਾਵੇਜ਼ੀ ਫਿਲਮ ‘ਮੁੰਬਈ ਸਮਾਚਾਰ-200 ਨਾਟ ਆਊਟ’ ਜਾਰੀ ਕਰਦਿਆਂ ਸ਼ਾਹ ਨੇ ਕਿਹਾ ਕਿ ਮੁੰਬਈ ਸਮਾਚਾਰ, ਮੁੰਬਈ ਦੀ ਪਛਾਣ ਦਾ ਹਿੱਸਾ ਬਣ ਗਿਆ ਹੈ। ਸ਼ਾਹ ਨੇ ਕਿਹਾ ਕਿ ਵੰਸ਼ 200 ਸਾਲ ਤੱਕ ਨਹੀਂ ਚਲਦੇ ਹਨ ਪਰ ਅਖ਼ਬਾਰ ਲੰਬੇ ਸਮੇਂ ਤੱਕ ਚਲਦਾ ਹੈ। ਮੁੰਬਈ ਸਮਾਚਾਰ ਨੂੰ ਭਰੋਸੇਮੰਦ ਅਦਾਰਾ ਆਖਦਿਆਂ ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ’ਚ ਜੋ ਕੁਝ ਛਾਪਿਆ ਜਾਂਦਾ ਸੀ, ਉਸ ਨੂੰ ਸੱਚ ਸਮਝਿਆ ਜਾਂਦਾ ਸੀ। ਇਸ ਮੌਕੇ ਅਖ਼ਬਾਰ ਦੇ ਮੈਨੇਜਿੰਗ ਡਾਇਰੈਕਟਰ ਹੋਰਮਸਜੀ ਐੱਨ ਕਾਮਾ ਵੀ ਹਾਜ਼ਰ ਸਨ। ਅਖ਼ਬਾਰ ਨਾਲ ਸਬੰਧਤ ਦਸਤਾਵੇਜ਼ੀ ਇਕੋ ਸਮੇਂ ’ਤੇ 40 ਮੁਲਕਾਂ ’ਚ ਰਿਲੀਜ਼ ਕੀਤੀ ਗਈ। ਇਸ ਦਸਤਾਵੇਜ਼ੀ ਦਾ ਟਰੇਲਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੂਨ 2022 ’ਚ ਲਾਂਚ ਕੀਤਾ ਗਿਆ ਸੀ। -ਪੀਟੀਆਈ
ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
ਮੁੰਬਈ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਦੇਰ ਰਾਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨਾਲ ਮੁਲਾਕਾਤ ਕੀਤੀ। ਮਹਾਰਾਸ਼ਟਰ ਦੇ ਦੋ ਰੋਜ਼ਾ ਦੌਰੇ ’ਤੇ ਆਏ ਸ਼ਾਹ ਨੇ ਸ਼ਿੰਦੇ, ਫੜਨਵੀਸ ਅਤੇ ਪਵਾਰ ਨਾਲ ਗੈਸਟ ਹਾਊਸ ’ਚ ਮੀਟਿੰਗ ਕਰਕੇ ਸੂਬੇ ਦੇ ਸਿਆਸੀ ਹਾਲਾਤ ਦੀ ਜਾਣਕਾਰੀ ਲਈ। ਭਾਜਪਾ ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਵੱਖ ਵੱਖ ਸਰਕਾਰੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਅਤੇ ਐੱਨਸੀਪੀ ਦੇ ਵਿਰੋਧੀ ਸੁਰਾਂ ਬਾਰੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਾਹ ਨੇ ਕੁਝ ਗਣਪਤੀ ਮੰਡਲਾਂ ਦਾ ਵੀ ਦੌਰਾ ਕੀਤਾ। -ਪੀਟੀਆਈ