ਢਾਕਾ, 8 ਸਤੰਬਰ
ਦੇਸ਼ ਦੀ ਕੌਮਾਂਤਰੀ ਅਪਰਾਧਾਂ ਬਾਰੇ ਟ੍ਰਿਬਿਊਨਲ (ਆਈਸੀਟੀ) ਦੇ ਨਵਨਿਯੁਕਤ ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਨੇ ਅੱਜ ਕਿਹਾ ਕਿ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਬੰਗਲਾਦੇਸ਼ ਹਰ ਜ਼ਰੂਰੀ ਕਦਮ ਚੁੱਕੇਗਾ। ਇਸਲਾਮ ਨੇ ਕਿਹਾ ਕਿ ਹਸੀਨਾ ਸਰਕਾਰ ਖਿਲਾਫ਼ ਵਿਦਿਆਰਥੀਆਂ ਦੀ ਅਗਵਾਈ ’ਚ ਚੱਲੇ ਅੰਦੋਲਨ ਦੌਰਾਨ ਹੋਈਆਂ ਸਮੂਹਿਕ ਹੱਤਿਆਵਾਂ ਦੇ ਦੋਸ਼ਾਂ ਲਈ ਸ਼ੇਖ ਹਸੀਨਾ ਤੇ ਹੋਰਨਾਂ ਖਿਲਾਫ਼ ਮੁਕੱਦਮਾ ਚਲਾਇਆ ਜਾਵੇਗਾ। ਚੇਤੇ ਰਹੇ ਕਿ ਸਰਕਾਰ ਵਿਰੋਧੀ ਅਸਧਾਰਨ ਵਿਰੋਧ ਪ੍ਰਦਰਸ਼ਨਾਂ ਮਗਰੋਂ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਰਤ ਭੱਜ ਗਈ ਸੀ।
ਦਿ ਡੇਲੀ ਸਟਾਰ ਅਖ਼ਬਾਰ ਨੇ ਇਸਲਾਮ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨਾਲ ਕੀਤੇ ਹਵਾਲਗੀ ਸਮਝੌਤੇ ਤਹਿਤ ਪ੍ਰਧਾਨ ਮੰਤਰੀ ਹਸੀਨਾ ਨੂੰ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਜੁਲਾਈ-ਅਗਸਤ ਵਿਚ ਵਿਦਿਆਰਥੀਆਂ ਦੀ ਅਗਵਾਈ ’ਚ ਹੋਏ ਰੋਸ ਪ੍ਰਦਰਸ਼ਨਾਂ ਦਰਮਿਆਨ ਸਮੂਹਿਕ ਹੱਤਿਆਵਾਂ ਲਈ ਮੁਕੱਦਮਾ ਚਲਾਇਆ ਜਾਵੇਗਾ। ਢਾਕਾ ਵਿਚ ਆਈਸੀਟੀ ਅਹਾਤੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਲਾਮ ਨੇ ਕਿਹਾ, ‘‘ਅਸੀਂ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਵਿਚ ਅਰਜ਼ੀ ਦਾਖ਼ਲ ਕਰਕੇ ਸ਼ੇਖ ਹਸੀਨਾ ਸਣੇ ਹੋਰਨਾਂ ਫ਼ਰਾਰ ਮੁਲਜ਼ਮਾਂ, ਜਿਨ੍ਹਾਂ ਖਿਲਾਫ਼ ਸਮੂਹਿਕ ਹੱਤਿਆਵਾਂ ਤੇ ਮਾਨਵਤਾ ਖਿਲਾਫ਼ ਅਪਰਾਧਾਂ ਲਈ ਕੇਸ ਦਰਜ ਹਨ, ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕਰਾਂਗੇ।’’ ਇਕ ਸਵਾਲ ਦੇ ਜਵਾਬ ਵਿਚ ਇਸਲਾਮ ਨੇ ਕਿਹਾ ਕਿ ਕੌਮਾਂਤਰੀ ਟ੍ਰਿਬਿਊਨਲ ਕੋਲ ਦਰਜ ਨਵੇਂ ਕੇਸਾਂ ਵਿਚ ਮੁਕੱਦਮਾ ਚਲਾਉਣ ਲਈ ਮੌਜੂਦਾ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਐਕਟ ਵਿਚ ਸੋਧ ਸਬੰਧੀ ਫੈਸਲਾ ਸਰਕਾਰ ਨਾਲ ਸਲਾਹ ਮਸ਼ਵਰੇ ਮਗਰੋਂ ਲਿਆ ਜਾਵੇਗਾ। ਅੰਤਰਿਮ ਸਰਕਾਰ ਦੇ ਸਿਹਤ ਸਲਾਹਕਾਰ ਨੂਰਜਹਾਂ ਬੇਗ਼ਮ ਮੁਤਾਬਕ ਹਸੀਨਾ ਸਰਕਾਰ ਖਿਲਾਫ਼ ਪ੍ਰਦਰਸ਼ਨਾਂ ਦੌਰਾਨ ਇਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ ਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ। ਬੰਗਲਾਦੇਸ਼ ਦੀ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਨੇ ਨਸਲਕੁਸ਼ੀ ਤੇ ਮਾਨਵਤਾ ਖ਼ਿਲਾਫ਼ ਅਪਰਾਧਾਂ ਦੇ ਦੋਸ਼ ਤਹਿਤ ਹਸੀਨਾ ਤੇ 9 ਹੋਰਨਾਂ ਖਿਲਾਫ਼ ਜਾਂਚ ਵਿੱਢੀ ਸੀ। -ਪੀਟੀਆਈ