ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਸਤੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੇਹਾਂਤ ਨੂੰ ਲਗਪਗ 20 ਸਾਲ ਦਾ ਸਮਾਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਿੰਡ ਟੌਹੜਾ ’ਚ ਜਿਊਂਦਾ ਰੱਖਣ ਲਈ ਦੋ ਪਰਿਵਾਰਾਂ ਨੇ ਵੱਖ-ਵੱਖ ਭੂਮਿਕਾ ਨਿਭਾਈ ਹੈ। ਹੁਣ ਜਥੇਦਾਰ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਸਮਾਗਮਾਂ ’ਚ ਇਹ ਦੋਵੇਂ ਪਰਿਵਾਰ ਇਕਜੁੱਟ ਨਜ਼ਰ ਆ ਰਹੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਜਥੇਦਾਰ ਟੌਹੜਾ ਦੀ ਯਾਦ ਨੂੰ ਇਲਾਕੇ ਵਿਚ ਤਾਜ਼ਾ ਰੱਖਣ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਂ ’ਤੇ ਸੈਮੀਨਾਰ, ਦਸਤਾਰ ਮੁਕਾਬਲੇ ਤੇ ਪਿੰਡ ਵਿਚ ਸਟੇਡੀਅਮ ਬਣਾਇਆ। ਇਸੇ ਤਰ੍ਹਾਂ ਜਥੇਦਾਰ ਟੌਹੜਾ ਦੀ ਧੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਤੇ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਵੱਲੋਂ ਜਥੇਦਾਰ ਟੌਹੜਾ ਦੀ ਬਰਸੀ ਮਨਾਈ ਜਾਂਦੀ ਰਹੀ। ਜਥੇਦਾਰ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਯਾਦ ਵਿਚ ਕਈ ਕੰਮ ਕਰਨ ਦੇ ਵਾਅਦੇ ਕੀਤੇ ਪਰ ਕੀਤਾ ਕੁਝ ਖ਼ਾਸ ਨਹੀਂ। ਪ੍ਰਕਾਸ਼ ਸਿੰਘ ਬਾਦਲ ਨੇ ਟੌਹੜਾ ਪਿੰਡ ਵਿਚ ਆਦਰਸ਼ ਸੀਨੀਅਰ ਸਕੂਲ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ, ਜੋ ਹੁਣ ਡਿੱਗਣ ਕੰਢੇ ਹੈ। ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਜਥੇਦਾਰ ਟੌਹੜਾ ਪੰਥ ਦਾ ਰੌਸ਼ਨ ਦਿਮਾਗ਼ ਹਨ, ਜਿਸ ਦਾ ਲਾਭ ਪੰਥ ਨੂੰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਕੰਮ ਸੀ ਪਰ ਉਹ ਵਿੱਚੇ ਰਹਿ ਗਿਆ। ਉਨ੍ਹਾਂ ਦੇ ਦੋਹਤੇ ਹਰਿੰਦਰਪਾਲ ਸਿੰਘ ਟੌਹੜਾ ਨੇ ਕਿਹਾ ਕਿ ਦੋਵਾਂ ਪਰਿਵਾਰਾਂ ਨੂੰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਸਿੰਘ ਨੇ ਇਕੱਠੇ ਹੋਣ ਨਹੀਂ ਦਿੱਤਾ।