ਮੋਸਿਨੀ (ਅਮਰੀਕਾ), 8 ਸਤੰਬਰ
ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬਹਿਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਰੋਧੀਆਂ ਨੂੰ ਧਮਕੀ ਦਿੱਤੀ ਹੈ ਕਿ ਚੋਣਾਂ ’ਚ ਜਿਨ੍ਹਾਂ ਦਾ ਵਤੀਰਾ ਉਨ੍ਹਾਂ ਖ਼ਿਲਾਫ਼ ਠੀਕ ਨਹੀਂ ਰਹੇਗਾ, ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਟਰੰਪ ਨੇ ਇਹ ਧਮਕੀ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਦਿੱਤੀ ਹੈ। ਟਰੰਪ ਨੇ ਲਿਖਿਆ ਕਿ ਰਾਸ਼ਟਰਪਤੀ ਚੋਣ ਜਿੱਤਣ ਮਗਰੋਂ ਉਹ ਅਜਿਹੇ ਲੋਕਾਂ ਨੂੰ ਸਜ਼ਾ ਦਿਵਾਉਣਗੇ ਜਿਹੜੇ ਉਨ੍ਹਾਂ ਨੂੰ ਧੋਖਾ ਦੇਣਗੇ। ਉਨ੍ਹਾਂ ਵਕੀਲਾਂ, ਸਿਆਸੀ ਮਾਹਿਰਾਂ, ਦਾਨੀਆਂ, ਗ਼ੈਰਕਾਨੂੰਨੀ ਵੋਟਰਾਂ ਅਤੇ ਭ੍ਰਿਸ਼ਟ ਚੋਣ ਅਧਿਕਾਰੀਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਜਿਹੜੇ ਗਲਤ ਪ੍ਰਚਾਰ ਕਰਦੇ ਫੜੇ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟਰੰਪ ਦੇ ਪ੍ਰਚਾਰਕਾਂ ਅਤੇ ਭਾਈਵਾਲਾਂ ਨੇ ਉਸ ਨੂੰ ਹੈਰਿਸ ’ਤੇ ਧਿਆਨ ਕੇਂਦਰਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮਹਿੰਗਾਈ ਅਤੇ ਸਰਹੱਦੀ ਸੁਰੱਖਿਆ ਨੂੰ ਮੁੱਦਾ ਬਣਾਉਣ।
ਜਾਣਕਾਰੀ ਮੁਤਾਬਕ ਟਰੰਪ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਤੇ ਹਿੰਸਕ ਹਮਲਿਆਂ ਲਈ ਜੇਲ੍ਹ ’ਚ ਬੰਦ ਵਿਅਕਤੀਆਂ ਦਾ ਬਚਾਅ ਕੀਤਾ ਹੈ। ਉਧਰ ਕਮਲਾ ਹੈਰਿਸ ਦੇ ਪ੍ਰਚਾਰ ਟੀਮ ਦੀ ਤਰਜਮਾਨ ਸਾਰਾਫਿਨਾ ਚਿਤਿਕਾ ਨੇ ਕਿਹਾ ਕਿ ਜੇ ਟਰੰਪ ਮੁੜ ਰਾਸ਼ਟਰਪਤੀ ਬਣਿਆ ਤਾਂ ਉਹ ਆਪਣੇ ਵਿਰੋਧੀਆਂ ਨੂੰ ਸਜ਼ਾਵਾਂ ਦੇਣ ਲਈ ਬੇਰੋਕ ਤਾਕਤ ਦੀ ਵਰਤੋਂ ਕਰ ਸਕਦੇ ਹਨ ਜੋ ਖ਼ਤਰਨਾਕ ਰੁਝਾਨ ਹੋਵੇਗਾ। -ਏਪੀ