ਸ੍ਰੀਨਗਰ, 8 ਸਤੰਬਰ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਦੇ ਸਿਖਰਲੇ ਨੇਤਾ ਝੂਠਾ ਡਰ ਪੈਦਾ ਕਰਕੇ ਜੰਮੂ ਕਸ਼ਮੀਰ ਦੇ ਹਿੰਦੂ ਵੋਟਰਾਂ ਨੂੰ ਡਰਾਉਣਾ ਚਾਹੁੰਦੇ ਹਨ ਅਤੇ ਇਸ ਲਈ ਆਪਣੀ ਚੋਣ ਮੁਹਿੰਮ ਜੰਮੂ ’ਤੇ ਕੇਂਦਰਿਤ ਕਰ ਰਹੇ ਹਨ। ਅਬਦੁੱਲਾ ਨੇ ਕਿਹਾ ਕਿ ਭਾਜਪਾ ਇਹ ਦਾਅਵਾ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਜੰਮੂ ਕਸ਼ਮੀਰ ਵਿੱਚ ਸੱਤਾ ’ਚ ਆਈ ਤਾਂ ਅਤਿਵਾਦ ਫਿਰ ਤੋਂ ਸਿਰ ਚੁੱਕ ਲਵੇਗਾ।
ਅਬਦੁੱਲਾ ਨੇ ਦੋਸ਼ ਲਾਇਆ, ‘‘ਉਹ (ਭਾਜਪਾ) ਹਿੰਦੂ ਭਾਈਚਾਰੇ ਨੂੰ ਡਰਾਉਣਾ ਚਾਹੁੰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੂ ਉਨ੍ਹਾਂ ਨੂੰ ਵੋਟ ਪਾਉਣਗੇ ਪਰ ਅੱਜ ਹਿੰਦੂੁ ਬਦਲ ਗਏ ਹਨ। ਪਹਿਲਾਂ ਉਸ ਨੇ (ਭਾਜਪਾ ਨੇ) ਰਾਮ ਦੇ ਨਾਂ ’ਤੇ ਵੋਟਾਂ ਮੰਗੀਆਂ ਅਤੇ ਹੁਣ ਉਹ ਉਨ੍ਹਾਂ ਨੂੰ ਡਰਾਉਣਾ ਚਾਹੁੰਦੇ ਹਨ।’’ ਉਹ ਨੈਸ਼ਨਲ ਕਾਨਫਰੰਸ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲਾ ਦੀ 42ਵੀਂ ਬਰਸੀ ’ਤੇ ਨਸੀਮਬਾਗ਼ ਸਥਿਤ ਸਮਾਧ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਬਦੁੱਲਾ ਨੇ ਕਿਹਾ, ‘‘ਉਨ੍ਹਾਂ (ਸੰਵਿਧਾਨ ਦੀ) ਧਾਰਾ 370 ਨੂੰ ਰੱਦ ਕਰ ਦਿੱਤਾ ਪਰ ਕੀ ਅਤਿਵਾਦ ਖ਼ਤਮ ਹੋ ਗਿਆ? ਅਤਿਵਾਦ ਮੁੜ ਸਿਰ ਚੁੱਕ ਰਿਹਾ ਹੈ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।’’ ਅਬਦੁੱਲਾ ਇਸ ਸਵਾਲ ਦਾ ਜਵਾਬ ਦੇ ਰਹੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਸ਼ਮੀਰ ਨੂੰ ਨਜ਼ਰਅੰਦਾਜ਼ ਕਰਦਿਆਂ ਜੰਮੂ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹਨ। ਜੰਮੂ ਕਸ਼ਮੀਰ ਚੋਣਾਂ ਲਈ ਭਾਜਪਾ ਦੇ ਚੋਣ ਮੈਨੀਫੈਸਟੋ ’ਤੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ‘ਜੁਮਲਾ’ ਹੈ। -ਪੀਟੀਆਈ