ਸੁਭਾਸ਼ ਚੰਦਰ
ਸਮਾਣਾ, 8 ਸਤੰਬਰ
ਸਦਰ ਪੁਲੀਸ ਸਮਾਣਾ ਨੇ ਨਸ਼ੀਲੇ ਪਦਾਰਥਾਂ, ਲੁੱਟ-ਖੋਹ ਦੇ 4 ਮੁਲਜ਼ਮਾਂ, ਧੋਖਾਧੜੀ ਦੇ ਇਕ ਮੁਲਜ਼ਮ ਅਤੇ ਇਕ ਭਗੌੜੇ ਨੂੰ ਕਾਬੂ ਕੀਤਾ ਹੈ। ਸਦਰ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਲੰਘੀ ਕੱਲ੍ਹ ਏਐੱਸਆਈ ਨਰਾਤਾ ਰਾਮ ਸਮੇਤ ਪੁਲੀਸ ਪਾਰਟੀ ਪਿੰਡ ਆਰਈਂਮਾਜਰਾ ਨੇੜੇ ਮੌਜੂਦ ਸੀ ਤਾਂ ਪਿੰਡ ਜੌੜਾਮਾਜਰਾ ਵੱਲੋਂ ਕੱਚੇ ਰਸਤੇ ਆ ਰਿਹਾ ਇਕ ਵਿਅਕਤੀ ਪੁਲੀਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜ ਗਿਆ। ਪੁਲੀਸ ਨੇ ਉਸ ਨੂੰ ਕਾਬੂ ਕਰਕੇ ਸੁੱਟੇ ਲਿਫਾਫ਼ੇ ਦੀ ਜਾਂਚ ਕੀਤੀ ਤਾਂ ਉਸ ’ਚੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਗੁਰਚਰਨ ਸਿੰਘ ਵਾਸੀ ਪਿੰਡ ਮਰੋੜੀ ਵਜੋਂ ਹੋਈ। ਇਸੇ ਤਰ੍ਹਾਂ ਨਸ਼ੀਲੇ ਪਦਾਰਥਾਂ ਸਬੰਧੀ ਥਾਣਾ ਸਦਰ ਸਮਾਣਾ ਵਿਚ ਦਰਜ ਕੇਸ ਵਿੱਚ ਪੁਲੀਸ ਨੇ ਊਸ਼ਾ ਰਾਣੀ ਵਾਸੀ ਪਿੰਡ ਸ਼ੇਰਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਨਸ਼ੀਲੇ ਪਦਾਰਥਾਂ ਦੇ ਇਕ ਹੋਰ ਮੁਕੱਦਮੇ ਵਿਚ ਸੁਖਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਇਕ ਹੋਰ ਮੁਲਜ਼ਮ ਬਲਜਿੰਦਰ ਸਿੰਘ ਵਾਸੀ ਪਿੰਡ ਬੰਮਣਾ ਸਮਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਵੱਖ ਵੱਖ ਥਾਣਿਆਂ ਵਿਚ ਧੋਖਾਧੜੀ ਦੇ 8 ਮੁੱਕਦਮੇ ਦਰਜ ਹਨ। 26 ਅਗਸਤ ਨੂੰ ਗੁਰਦੇਵ ਕੌਰ ਜਦੋਂ ਆਪਣੇ ਪਤੀ ਬਲਬੀਰ ਸਿੰਘ ਨਾਲ ਮੋਟਰਸਾਇਕਲ ’ਤੇ ਜਾ ਰਹੀ ਸੀ ਤਾਂ ਅੱਖਾਂ ਵਿਚ ਮਿਰਚਾ ਪਾ ਕੇ ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ ਮਸਤਾਨ ਖਾਨ ਅਤੇ ਦਵਿੰਦਰ ਸਿੰਘ ਵਾਸੀ ਵੱਡੀਆਂ ਜਾਹਲਾ ਨੂੰ ਵੀ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਤੋਂ ਵਾਲੀਆਂ ਬਰਾਮਦ ਕਰ ਲਈਆਂ ਹਨ। ਥਾਨਾ ਮੁਖੀ ਨੇ ਜਾਣਕਾਰੀ ਦਿੱਤੀ ਕਿ ਕਰੀਬ ਇਕ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਨੇ ਪਿੰਡ ਵਿਚ ਨਸ਼ਾ ਨਾ ਵਿਕਣ ਦੇਣ ਦੇ ਮਤੇ ਪਾਸ ਕੀਤੇ ਹਨ।