ਨਿੱਜੀ ਪੱਤਰ ਪ੍ਰੇਰਕ
ਸਿਰਸਾ, 8 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਸਿਰਸਾ ਦੀ ਮੀਟਿੰਗ ਰਾਣੀਆਂ ਸਥਿਤ ਬਾਬਾ ਬੰਤਾ ਸਿੰਘ ਭਵਨ ’ਚ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਭਾਜਪਾ ਖਿਲਾਫ਼ ਲੋਕਾਂ ਨੂੰ ਇਕਜੁਟ ਹੋਣ ਦਾ ਸੱਦਾ ਦਿੱਤਾ ਗਿਆ। ਸੀਨੀਅਰ ਆਗੂ ਕਾਮਰੇ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਪਿਛਲੇ ਦੱਸ ਸਾਲਾਂ ’ਚ ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ ਦੇ ਹਿੱਤਾਂ ਦਾ ਘਾਣ ਕੀਤਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਜਿਥੇ ਖੋਖਲਾ ਸਾਬਤ ਹੋਇਆ ਹੈ ਉਥੇ ਹੀ ਸੂਬੇ ’ਚ ਬੇਰੁਜ਼ਗਾਰੀ ਪਹਿਲਾਂ ਨਾਲ ਦੁਗਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਲੋਕ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਮੌਜੂਦਾ ਸਰਕਾਰ ਦੇ ਸਮੇਂ ’ਚ ਨਾ ਤਾਂ ਓਟੂ ਝੀਲ ਦੀ ਖੁਦਾਈ ਕਰਵਾਈ ਗਈ ਤੇ ਨਾ ਹੀ ਘੱਗਰ ਦੀ ਧਾਰ ਵਾਲੇ ਏਰੀਏ ਦੀ। ਨਾ ਨਹਿਰਾਂ ਦੀ ਸਫਾਈ ਕਰਵਾਈ ਗਈ ਤੇ ਨਾ ਹੀ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਮੁਹੱਈਆ ਕਰਵਾਇਆ ਗਿਆ। ਸਿਰਸਾ, ਰਾਣੀਆਂ, ਜੀਵਨ ਨਗਰ ਆਦਿ ਸਮੇਤ ਸੈਂਕੜੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਮਾੜੀ ਹੈ ਜਿਸ ਕਾਰਨ ਰੋਜ਼ਾਨਾ ਲੋਕ ਹਦਸਿਆਂ ਦਾ ਸ਼ਿਕਾਰ ਹੋ ਰਹੇ ਹਨ।