ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਸਤੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਨਿਭਾਅ ਰਹੇ ਲਾਇਬ੍ਰੇਰੀਅਨਾਂ ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਬਨਾਸਰ ਬਾਗ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਲਾਇਬ੍ਰੇਰੀਅਨ ਕੇਡਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਬਣਦਾ ਪੇਅ-ਸਕੇਲ ਬਹਾਲ ਕਰਾਉਣ, ਲਾਇਬ੍ਰੇਰੀਅਨ ਦੀ ਯੋਗਤਾ ਤੇ ਤਰੱਕੀ ਦਾ ਮਿਆਰ ਨਿਸ਼ਚਿਤ ਕਰਨ, ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਲਾਇਬ੍ਰੇਰੀਅਨ ਸਾਥੀਆਂ ਨੂੰ ਬਦਲੀਆਂ ਦਾ ਵਿਸ਼ੇਸ ਮੌਕਾ ਦੇਣ ਆਦਿ ਮੁੱਦਿਆਂ ਉਪਰ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ 750 ਸਕੂਲ ਲਾਇਬ੍ਰੇਰੀਅਨ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਰਾਜਿੰਦਰ ਸਿੰਘ ਨੇ ਕਿਹਾ ਕਿ ਲਾਇਬ੍ਰੇਰੀਅਨਾਂ ਦੀਆਂ ਮੰਗਾਂ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਜਿਉਂ ਦੀ ਤਿਉਂ ਲਟਕ ਰਹੀਆਂ ਹਨ। ਲਾਇਬ੍ਰੇਰੀਅਨਾਂ ਲਈ ਬਣਦਾ ਪੇਅ ਸਕੇਲ ਬਹਾਲ ਦੀ ਮੰਗ ਪੂਰੀ ਨਹੀਂ ਕੀਤੀ ਗਈ, ਯੋਗਤਾ ਅਤੇ ਤਰੱਕੀ ਦਾ ਮਿਆਰ ਨਿਸ਼ਚਿਤ ਨਹੀਂ ਕੀਤਾ ਅਤੇ ਘਰਾਂ ਤੋਂ ਦੂਰ ਬੈਠੇ ਲਾਇਬ੍ਰੇਰੀਅਨਾਂ ਨੂੰ ਬਦਲੀਆਂ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਅਨ ਯੂਨੀਅਨ ਦੀ ਦੋ ਵਾਰ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਨਾ ਹੋਈ ਅਤੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਲਦ ਹੀ ਸਿੱਖਿਆ ਮੰਤਰੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਸੁਖਵਿੰਦਰ ਗਿਰ ਨੇ ਲਾਇਬ੍ਰੇਰੀਅਨਾਂ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਡੀਟੀਐੱਫ ਹਰ ਮੁੱਦੇ ’ਤੇ ਉਨ੍ਹਾਂ ਨਾਲ ਹੈ। ਉਨ੍ਹਾਂ ਮੁੱਢਲੇ ਢਾਂਚੇ ਤੋਂ ਜਾਣੂ ਕਰਵਾਉਂਦਿਆਂ ਅਗਲੇਰੇ ਸੰਘਰਸ਼ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ।