ਪੱਤਰ ਪ੍ਰੇਰਕ
ਕੁਰਾਲੀ, 8 ਸਤੰਬਰ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਬਲਾਕ ਮਾਜਰੀ ਦੇ ਗੁਰਦੁਆਰਾ ਸ੍ਰੀ ਗੜ੍ਹੀ ਭੌਰਖਾ ਸਾਹਿਬ ਵਿੱਚ ਪ੍ਰਧਾਨ ਦਲਜੀਤ ਸਿੰਘ ਜੀਤਾ ਫਾਟਵਾਂ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਚਰਚਾ ਕੀਤੀ ਗਈ।
ਕਿਸਾਨ ਆਗੂ ਅਮਨਦੀਪ ਸਿੰਘ ਗੋਲਡੀ ਅਕਾਲਗੜ੍ਹ ਤੇ ਹੋਰਨਾਂ ਨੇ ਇਲਾਕੇ ਵਿੱਚ ਆਵਾਰਾ ਪਸ਼ੂਆਂ ਤੇ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ਨਾਲ ਮਿਲਣ ਦਾ ਮਸਲਾ ਰੱਖਿਆ। ਬਲਾਕ ਮਾਜਰੀ ਦੇ ਕਿਸਾਨਾਂ ਨੇ ਇਲਾਕੇ ਦੀਆਂ ਸੜਕਾਂ ਦੀ ਖਸਤਾ ਹਾਲਤ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਰਾਕਰ ਵਲੋਂ ਢਾਈ ਸਾਲਾਂ ਵਿੱਚ ਸੜਕਾਂ ਦੀ ਸਾਰ ਤੱਕ ਨਹੀਂ ਲਈ। ਹੋਰਨਾਂ ਆਗੂਆਂ ਨੇ ਕਿਹਾ ਕਿ ਨਿਊ ਚੰਡੀਗੜ੍ਹ ਬਣਨ ਤੋਂ ਬਾਅਦ ਇਲਾਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ। ਉਨ੍ਹਾਂ ਪੰਚਾਇਤੀ ਚੋਣਾਂ ’ਚ ਪਰਵਾਸੀਆਂ ਦੀਆਂ ਵੋਟਾਂ ਨਾ ਬਣਾਏ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਮਲਕੀਤ ਸਿੰਘ ਸੇਖੋਂ ਕਕਰਾਲੀ, ਸੁਪਿੰਦਰ ਸਿੰਘ, ਮਲਕੀਤ ਸਿੰਘ ਢਕੋਰਾਂ, ਹਰਦੀਪ ਸਿੰਘ ਸੁਹਾਲੀ, ਮਨਦੀਪ ਸਿੰਘ ਨਗਲੀਆਂ, ਬਲਾਕ ਮੀਤ ਪ੍ਰਧਾਨ ਜੱਗਾ ਮੁੰਧੋਂ, ਸੁਰਿੰਦਰ ਸਿੰਘ ਨੱਗਲ, ਕੁਲਦੀਪ ਸਿੰਘ ਨੱਗਲ ਆਦਿ ਹਾਜ਼ਰ ਸਨ।