ਹਤਿੰਦਰ ਮਹਿਤਾ
ਜਲੰਧਰ, 8 ਸਤੰਬਰ
ਮਾਡਲ ਟਾਊਨ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੋਬਾਈਲ ਫੋਨ ਖੋਹਣ ਲਈ 12ਵੀਂ ਜਮਾਤ ਦੀ ਵਿਦਿਆਰਥਣ ਨੂੰ 350 ਮੀਟਰ ਤੱਕ ਸੜਕ ’ਤੇ ਘੜੀਸਿਆ ਜਿਸ ਨਾਲ ਉਹ ਜ਼ਖਮੀ ਹੋ ਗਈ। ਇਹ ਮਾਮਲਾ ਘਟਨਾ ਦੀ 44 ਸੈਕਿੰਡ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਸਰਕਾਰੀ ਸਕੂਲ ਦੀ ਵਿਦਿਆਰਥਣ ਲਕਸ਼ਮੀ (18) ਜੋ ਮੂਲ ਰੂਪ ਤੋਂ ਗੋਂਡਾ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਹਾਲ ਦੀ ਘੜੀ ਇਥੇ ਗਾਰਡਨ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਆਪਣੀ ਭਰਜਾਈ ਨੂੰ ਮਿਲਣ ਤੋਂ ਬਾਅਦ ਉਹ ਘਰ ਪਰਤ ਰਹੀ ਸੀ। ਜਿਵੇਂ ਹੀ ਉਹ ਘਰ ਨੇੜੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਉਸ ਕੋਲ ਆ ਕੇ ਰੁਕ ਗਏ ਤੇ ਉਸ ਤੋਂ ਰਸਤਾ ਪੁੱਛਣ ਲੱਗ ਪਏ। ਜਦੋਂ ਉਨ੍ਹਾਂ ਉਸ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੋਬਾਈਲ ਨਾ ਛੱਡਿਆ। ਉਹ ਉਸ ਨੂੰ ਕਾਫ਼ੀ ਦੂਰ ਤਕ ਘੜੀਸ ਕੇ ਲੈ ਗਏ। ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮਾਂ ਦਾ ਸੁਰਾਗ ਹਾਸਲ ਕਰ ਲਿਆ ਹੈ ਅਤੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।