ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਕਰੀਬੀ ਮੰਨੇ ਜਾਂਦੇ ਭਜਨ ਗਾਇਕ ਕਨ੍ਹੱਈਆ ਮਿੱਤਲ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਹਾਲਾਂਕਿ ਕਨ੍ਹੱਈਆ ਮਿੱਤਲ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਤਾਰੀਖ ਨਹੀਂ ਦੱਸੀ। ਕਨ੍ਹੱਈਆ ਮਿੱਤਲ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਸਨਾਤਨ ਧਰਮ ਦਾ ਪ੍ਰਚਾਰ ਇਕ ਰਾਜਸੀ ਪਾਰਟੀ ਵੱਲੋਂ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਇਹ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਉਸ ਦੀ ਕੋਈ ਨਾਰਾਜ਼ਗੀ ਨਹੀਂ ਹੈ ਪਰ ਉਹ ਹੁਣ ਕਾਂਗਰਸ ਪਾਰਟੀ ਵਿੱਚ ਰਹਿ ਕੇ ਸਨਾਤਨ ਧਰਮ ਦੀ ਸੇਵਾ ਕਰਨਗੇ। ਸ੍ਰੀ ਮਿੱਤਲ ਨੇ ਕਿਹਾ ਕਿ ਉਹ ਕਦੇ ਵੀ ਭਾਜਪਾ ਦੇ ਮੈਂਬਰ ਨਹੀਂ ਰਹੇ ਪਰ ਯੋਗੀ ਆਦਿੱਤਿਆਨਾਥ ਉਨ੍ਹਾਂ ਦੇ ਗੁਰੂ ਹਨ।
ਉਨ੍ਹਾਂ ਦੇ ਸੱਦਣ ਅਤੇ ਭਾਜਪਾ ਹਾਈਕਮਾਂਡ ਨਾਲ ਨੇੜਤਾ ਹੋਣ ਕਰ ਕੇ ਉਹ ਭਾਜਪਾ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਰਹੇ ਹਨ। ਉਨ੍ਹਾਂ ਨੇ ਭਾਜਪਾ ਤੋਂ ਕਦੇ ਵੀ ਟਿਕਟ ਦੀ ਚਾਹ ਨਹੀਂ ਰੱਖੀ ਸੀ। ਜਾਣਕਾਰੀ ਅਨੁਸਾਰ ਕਨ੍ਹੱਈਆ ਮਿੱਤਲ ਲੋਕ ਸਭਾ ਚੋਣਾਂ ਦੌਰਾਨ ਵੀ ਚੋਣ ਲੜਨ ਦੇ ਚਾਹਵਾਨ ਸੀ ਅਤੇ ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪੰਚਕੂਲਾ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਭਾਜਪਾ ਵੱਲੋਂ ਟਿਕਟ ਨਾ ਮਿਲਣ ਕਰਕੇ ਉਹ ਪਾਰਟੀ ਤੋਂ ਨਾਰਾਜ਼ ਹੋ ਗਏ ਹਨ। ਜ਼ਿਕਰਯੋਗ ਹੈ ਕਿ ਕਨ੍ਹੱਈਆ ਮਿੱਤਲ ਭੇਟਾਂ ਨਾਲ ਅਸਿੱਧੇ ਢੰਗ ਨਾਲ ਭਾਜਪਾ ਦੇ ਹਿੱਤ ਵਿੱਚ ਚੋਣ ਪ੍ਰਚਾਰ ਕਰਦੇ ਰਹੇ ਹਨ।