ਸੰਜੀਵ ਬੱਬੀ
ਚਮਕੌਰ ਸਾਹਿਬ, 8 ਸਤੰਬਰ
ਪਾਵਰਕੌਮ ਦੀ ਚਮਕੌਰ ਸਾਹਿਬ ਸਬ-ਡਿਵੀਜ਼ਨ ਦੇ ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਫੌਤ ਹੋਏ ਮੁਲਾਜ਼ਮ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਸਣੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਕੱਲ੍ਹ ਸਵੇਰੇ 10 ਵਜੇ ਸਥਾਨਕ ਨਹਿਰ ਸਰਹਿੰਦ ਦੇ ਪੁਲ ’ਤੇ ਧਰਨਾ ਲਗਾ ਦਿੱਤਾ ਗਿਆ ਸੀ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਉਪਰੰਤ ਦੇਰ ਰਾਤ 11.30 ਵਜੇ ਸਮਾਪਤ ਕੀਤਾ ਗਿਆ।
ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਹੋਈ ਮੀਟਿੰਗ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚੋਂ ਮੁੱਖ ਮੰਤਰੀ ਫੀਲਡ ਅਫ਼ਸਰ ਰੂਪਨਗਰ ਸੁਖਪਾਲ ਸਿੰਘ, ਏਡੀਸੀ ਜਨਰਲ ਪੂਜਾ ਸਿਆਲ ਗਰੇਵਾਲ, ਐੱਸਡੀਐੱਮ ਅਮਰੀਕ ਸਿੰਘ ਸਿੱਧੂ, ਐੱਸਪੀ ਰਾਜਪਾਲ ਸਿੰਘ ਹੁੰਦਲ ਤੇ ਡਿਪਟੀ ਚੀਫ ਇੰਜਨੀਅਰ ਮੋਹਿਤ ਸੂਦ ਆਦਿ ਸ਼ਾਮਲ ਹੋਏ। ਦੂਜੇ ਪਾਸੇ, ਪਾਵਰਕੌਮ ਤੇ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਮ੍ਰਿਤਕ ਮੁਲਾਜ਼ਮ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਗੁਰਮੀਤ ਸਿੰਘ ਅਤੇ ਰਜਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਵੱਲੋਂ ਆਪਸੀ ਸਹਿਮਤੀ ਰਾਹੀਂ ਵਿਸ਼ਵਾਸ ਅਤੇ ਭਰੋਸਾ ਦਿਵਾਇਆ ਗਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਵਾਰਸਾਂ ਨੂੰ ਮਿਲਣਯੋਗ ਐਕਸਗ੍ਰੇਸ਼ੀਆ ਦੇ 10 ਲੱਖ ਰੁਪਏ 11 ਸਤੰਬਰ ਤੱਕ ਅਦਾ ਕਰ ਦਿੱਤੇ ਜਾਣਗੇ, ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੂੰ ਕੰਟਰੈਕਟ ਦੇ ਆਧਾਰ ’ਤੇ ਨੌਕਰੀ ਦਿਵਾਈ ਜਾਵੇਗੀ, ਈਐਸਆਈ ਰਾਹੀਂ ਮ੍ਰਿਤਕ ਦੀ ਪਤਨੀ ਤੇ ਬੱਚਿਆਂ ਨੂੰ ਪੈਨਸ਼ਨ ਦਿਵਾਈ ਜਾਵੇਗੀ। ਇਸ ਤੋਂ ਬਿਨ੍ਹਾਂ ਕੰਪਨੀ ਤੋਂ ਮਿਲਣ ਵਾਲੇ ਬੀਮੇ ਦਾ 10 ਲੱਖ ਰੁਪਏ ਅਤੇ ਲੇਬਰ ਵੈੱਲਫੇਅਰ ਬੋਰਡ ਵੱਲੋਂ ਮਿਲਣਯੋਗ ਦੋ ਲੱਖ ਰੁਪਏ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਦਿੱਤਾ ਜਾਵੇਗਾ।