ਗੁਹਾਟੀ, 8 ਸਤੰਬਰ
ਕਾਂਗਰਸ ਦੀ ਅਸਾਮ ਇਕਾਈ ਦੇ ਸਾਬਕਾ ਪ੍ਰਧਾਨ ਰਿਪੁਨ ਬੋਰਾ ਤ੍ਰਿਣਮੂਲ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਹਾਲ ਹੀ ਵਿੱਚ ਅਸਤੀਫਾ ਦੇਣ ਤੋਂ ਬਾਅਦ ਅੱਜ ਕਾਂਗਰਸ ਵਿੱਚ ਪਰਤ ਆਏ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਅਸਾਮ ਦੇ ਇੰਚਾਰਜ ਜਨਰਲ ਸਕੱਤਰ ਜਿਤੇਂਦਰ ਸਿੰਘ ਨੇ ਚਰਾਈਦੇਵ ਵਿੱਚ ਵਿਸਤਾਰਤ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਸ਼ੁਰੂਆਤ ਵਿੱਚ ਬੋਰਾ ਦਾ ਪਾਰਟੀ ਵਿੱਚ ਪਰਤਣ ’ਤੇ ਸਵਾਗਤ ਕੀਤਾ। ਬੋਰਾ ਨੇ ਕਿਹਾ, ‘‘ਅਸਾਮ ਦੇ ਲੋਕ ਭਾਜਪਾ ਸਰਕਾਰ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ। ਅਸੀਂ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਤੇ ਸੱਤਾਧਾਰੀ ਗੱਠਜੋੜ ਦੇ ਭ੍ਰਿਸ਼ਟਾਚਾਰ ਤੇ ਫਿਰਕਾਪ੍ਰਸਤੀ ਦਾ ਲੋਕਾਂ ਸਾਹਮਣੇ ਪਰਦਾਫਾਸ਼ ਕਰਨ ਲਈ ਮਿਲ ਕੇ ਕੰਮ ਕਰਾਂਗੇ।’’ ਬੋਰਾ ਦੇ ਨਾਲ ਤ੍ਰਿਣਮੂਲ ਦੀ ਸੂਬਾ ਇਕਾਈ ਦੇ ਕਈ ਸੀਨੀਅਰ ਅਹੁਦੇਦਾਰ ਵੀ ਕਾਂਗਰਸ ਵਿੱਚ ਸ਼ਾਮਲ ਹੋਏ। -ਪੀਟੀਆਈ