ਨਵੀਂ ਦਿੱਲੀ, 8 ਸਤੰਬਰ
ਕਾਂਗਰਸ ਨੇ ਕਿਹਾ ਕਿ ਨਿਯਮਾਂ ਨੂੰ ਛਿੱਗੇ ਟੰਗਣ ਦੀਆਂ ਅਡਾਨੀ ਗਰੁੱਪ ਦੀਆਂ ਕੋਸ਼ਿਸ਼ਾਂ ਦੀ ਸੇਬੀ ਵੱਲੋਂ ਕੀਤੀ ਜਾ ਰਹੀ ਜਾਂਚ ਅਜੇ ਵੀ ਹੌਲੀ ਹੈ ਅਤੇ ਸੇਬੀ ਨੇ ਇਸ ਬਾਰੇ ਬਹੁਤ ਗੱਲਾਂ ਦਾ ਅਜੇ ਜਵਾਬ ਦੇਣਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੀਡੀਆ ’ਚ ਆਈ ਇਕ ਖ਼ਬਰ ’ਤੇ ਪ੍ਰਤੀਕ੍ਰਮ ਦਿੰਦਿਆਂ ਸੇਬੀ ’ਤੇ ਨਿਸ਼ਾਨਾ ਸੇਧਿਆ ਜਿਸ ’ਚ ਦਾਅਵਾ ਕੀਤਾ ਗਿਆ ਕਿ ਜਨਵਰੀ 2023 ’ਚ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਬਾਰੇ ਆਪਣੀ ਰਿਪੋਰਟ ’ਚ ਮੌਰੀਸ਼ਸ ਸਥਿਤ ਜਿਨ੍ਹਾਂ ਦੋ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈਜ਼) ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਸੇਬੀ ਦੇ ਨਵੇਂ ਵਿਦੇਸ਼ੀ ਨਿਵੇਸ਼ਕ ਮਾਪਦੰਡਾਂ ਦੀ ਪਾਲਣਾ ਤੋਂ ਫੌਰੀ ਰਾਹਤ ਦੀ ਮੰਗ ਕਰਦਿਆਂ ਸਕਿਊਰਿਟੀਜ਼ ਅਪੀਲ ਟ੍ਰਿਬਿਊਨਲ ’ਚ ਅਰਜ਼ੀ ਦਾਖ਼ਲ ਕੀਤੀ ਹੈ। ਜੈਰਾਮ ਰਮੇਸ਼ ਨੇ ਕਿਹਾ, ‘‘ਮੋਡਾਨੀ ਮਹਾਘੁਟਾਲੇ ’ਚ ਹੋ ਰਹੇ ਖ਼ੁਲਾਸੇ ਤਹਿਤ ਮੌਰੀਸ਼ਸ ਸਥਿਤ ਦੋ ਐੱਫਪੀਆਈ ਨੇ ਹੁਣ ਸਕਿਊਰਿਟੀਜ਼ ਅਪੀਲ ਟ੍ਰਿਬਿਊਨਲ ’ਚ ਅਰਜ਼ੀ ਦਾਖ਼ਲ ਕਰਕੇ 9 ਸਤੰਬਰ ਤੋਂ ਪਹਿਲਾਂ ਸੇਬੀ ਦੇ ਨਵੇਂ ਵਿਦੇਸ਼ੀ ਨਿਵੇਸ਼ਕ ਨਿਯਮਾਂ ਦੀ ਪਾਲਣਾ ਕਰਨ ਤੋਂ ਫੌਰੀ ਰਾਹਤ ਮੰਗੀ ਹੈ।’’ ਉਨ੍ਹਾਂ ਕਿਹਾ ਕਿ ਦੋਵੇਂ ਐੱਫਪੀਆਈ ’ਤੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ ਜਿਨ੍ਹਾਂ ਤਹਿਤ ਨਿਵੇਸ਼ਕਾਂ ਦੇ ਇਕ ਹੀ ਸ਼ੇਅਰ ’ਚ ਵਧ ਨਿਵੇਸ਼ ਨਹੀਂ ਹੋਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਨਿਯਮ ਇਹ ਯਕੀਨੀ ਬਣਾਉਣ ਲਈ ਹੈ ਕਿ ਮੌਰੀਸ਼ਸ ਜਿਹੀ ਟੈਕਸ ਚੋਰੀ ਕਰਨ ਵਾਲਿਆਂ ਦੀ ਪਨਾਹਗਾਹ ਰਾਹੀਂ ਭੇਜਿਆ ਗਿਆ ਕਾਲਾ ਧਨ ਭਾਰਤੀ ਪੂੰਜੀ ਬਾਜ਼ਾਰਾਂ ’ਚ ਵਾਪਸ ਨਾ ਆ ਸਕੇ। -ਪੀਟੀਆਈ