ਕੋਲਕਾਤਾ, 8 ਸਤੰਬਰ
ਕੋਲਕਾਤਾ ਵਿੱਚ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਕ ਰੈਜ਼ੀਡੈਂਟ ਡਾਕਟਰ ਨਾਲ ਹੋਏ ਕਥਿਤ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਅੱਜ ਵੀ ਸ਼ਹਿਰ ਵਿੱਚ ਪ੍ਰਦਰਸ਼ਨ ਜਾਰੀ ਰਹੇ। ਇਸ ਦੌਰਾਨ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕ ਜਿਵੇਂ ਕਿ ਕਈ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ, ਕਲੇਅ ਮਾਡਲਰਾਂ, ਰਿਕਸ਼ਾ ਚਾਲਕਾਂ ਅਤੇ ਜੂਨੀਅਰ ਡਾਕਟਰਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਰੈਲੀਆਂ ਕੱਢੀਆਂ। ਇਸ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਪੀੜਤਾ ਦੀ ਮਾਂ ਨੇ ਕਿਹਾ ਕਿ ਪਹਿਲਾਂ ਉਸ ਦੀ ਇਕ ਹੀ ਬੱਚੀ ਸੀ ਪਰ ਹੁਣ ਸਾਰੇ ਪ੍ਰਦਰਸ਼ਨਕਾਰੀ ਡਾਕਟਰ ਉਸ ਦੇ ਬੱਚੇ ਹਨ।
ਦੱਖਣੀ ਕੋਲਕਾਤਾ ਵਿੱਚ 40 ਤੋਂ ਵੱਧ ਸਕੂਲਾਂ ਦੇ ਕਰੀਬ 4,000 ਸਾਬਕਾ ਵਿਦਿਆਰਥੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਸਨ, ਨੇ ਪੀੜਤਾ ਲਈ ਨਿਆਂ ਦੀ ਮੰਗ ਕਰਦਿਆਂ ਕਰੀਬ ਦੋ ਕਿਲੋਮੀਟਰ ਪੈਦਲ ਮਾਰਚ ਕੀਤਾ। ਇਸ ਦੌਰਾਨ ਬਿਨੋਦਿਨੀ ਗਰਲਜ਼ ਸਕੂਲ, ਮਿੱਤਰਾ ਸੰਸਥਾ, ਗਾਰਫਾ ਹਾਈ ਸਕੂਲ, ਕਾਰਮਲ ਹਾਈ ਸਕੂਲ ਅਤੇ ਸੇਂਟ ਜੋਹਨਜ਼ ਡਾਇਕੈਸਨ ਵਰਗੀਆਂ ਸੰਸਥਾਵਾਂ ਦੇ ਸਾਬਕਾ ਵਿਦਿਆਰਥੀਆਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਹ ਬਾਗੀ ਕਵੀ ਕਾਜੀ ਨਜ਼ਰੂਲ ਇਸਲਾਮ ਦੀ ਰਚਨਾ ਗਾ ਰਹੇ ਸਨ, ਜਿਸ ਦਾ ਮਤਲਬ ਸੀ, ‘‘ਤੋੜ ਦਿਓ ਜੇਲ੍ਹ ਦੇ ਲੋਹੇ ਦੇ ਦਰਵਾਜ਼ੇ।’’ ਉੱਤਰੀ ਕੋਲਕਾਤਾ ਵਿੱਚ ਪੈਂਦਾ ਕੁਮਾਰਤੁਲੀ ਇਲਾਕਾ ਜਿਸ ਨੂੰ ਘੁਮਿਆਰਾਂ ਦਾ ਗੜ੍ਹ ਕਿਹਾ ਜਾਂਦਾ ਹੈ, ਵਿੱਚ ਕਲੇਅ ਮਾਡਲਰਾਂ ਨੇ ਰਬਿੰਦਰਾ ਸਰਾਨੀ ਤੋਂ ਸ਼ਿਆਮਬਾਜ਼ਾਰ ਫਾਈਵ ਪੁਆਇੰਟ ਕ੍ਰਾਸਿੰਗ ਤੱਕ ਰੈਲੀ ਕੱਢੀ। ਰੈਲੀ ਦੀ ਅਗਵਾਈ ਮਾਤਾ ਦੁਰਗਾ ਦੀ ਪੁਸ਼ਾਕ ਪਹਿਨੀ ਹੋਈ ਇਕ ਲੜਕੀ ਨੇ ਕੀਤੀ। ਇਸ ਰੈਲੀ ਵਿੱਚ ਬੁੱਤਸਾਜ਼ ਸਨਾਤਨ ਡਿੰਡਾ ਅਤੇ ਗਾਇਕ ਲਗਨਾਜਿਤਾ ਵੀ ਸ਼ਾਮਲ ਸਨ। ਇਸੇ ਦੌਰਾਨ ਖੱਬੀਆਂ ਧਿਰਾਂ ਐੱਸਐੱਫਆਈ ਤੇ ਡੀਵਾਈਐੱਫਆਈ ਵੱਲੋਂ ਵੀ ਇਕ ਹੋਰ ਪ੍ਰਦਰਸ਼ਨ ਕੀਤਾ ਗਿਆ। -ਪੀਟੀਆਈ
ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਹਦਾਇਤ
ਕੋਲਕਾਤਾ: ਰਾਜਭਵਨ ਦੇ ਸੂਤਰਾਂ ਮੁਤਾਬਕ ਪੱਛਮੀ ਬੰਗਾਲ ਦੇ ਰਾਜਪਾਲ ਡਾ. ਸੀਵੀ ਆਨੰਦਾ ਬੋਸ ਨੇ ਪੀੜਤ ਰੈਜ਼ੀਡੈਂਟ ਡਾਕਟਰ ਲਈ ਨਿਆਂ ਦੀ ਮੰਗ ਨੂੰ ਲੈ ਕੇ ਵਧ ਰਹੇ ਲੋਕ ਰੋਹ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਤੁਰੰਤ ਮੰਤਰੀ ਮੰਡਲ ਦੀ ਇਕ ਐਮਰਜੈਂਸੀ ਮੀਟਿੰਗ ਸੱਦਣ ਅਤੇ ਮੁੱਦਾ ਵਿਚਾਰਨ ਦੀ ਹਦਾਇਤ ਕੀਤੀ ਹੈ। ਬੋਸ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਕੋਲਕਾਤਾ ਪੁਲੀਸ ਕਮਿਸ਼ਨਰ ਵਿਨੀਤ ਗੋਇਲ ਨੂੰ ਹਟਾਉਣ ਬਾਰੇ ਫੈਸਲਾ ਲੈਣ ਲਈ ਵੀ ਕਿਹਾ ਹੈ। -ਪੀਟੀਆਈ