ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 8 ਸਤੰਬਰ
ਪੁਲੀਸ ਨੇ ਇੱਕ ਵਿਅਕਤੀ ਵੱਲੋਂ ਜ਼ੂਮ ਐਪ ਰਾਹੀਂ ਗੱਡੀ ਕਿਰਾਏ ’ਤੇ ਦੇਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਸ ਦੀ ਥਾਰ ਗੱਡੀ ਨੂੰ ਤੈਅ ਸਮਾਂ ਖ਼ਤਮ ਹੋਣ ਮਗਰੋਂ ਵਾਪਸ ਨਹੀਂ ਕੀਤੀ। ਥਾਰ ਗੱਡੀ ਦੇ ਮਾਲਕ ਨੇ ਨਿਰਧਾਰਤ ਸਮਾਂ ਖ਼ਤਮ ਹੋਣ ਤੱਕ ਉਸ ਦੀ ਉੱਡੀਕ ਕਰਨ ਮਗਰੋਂ ਪੁਲੀਸ ਕੋਲ ਕੇਸ ਦਰਜ ਕਰਵਾਇਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਿਪਾਂਸ਼ੂ ਵਾਸੀ ਸੁਸ਼ਮਾ ਗਰੈਂਡੇ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਇਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ। ਉਸ ਨੇ ਜ਼ੂਮ ਐਪ ਰਾਹੀਂ ਆਪਣੀ ਥਾਰ ਗੱਡੀ ਪ੍ਰਤੀਕ ਅਹਲਾਵਤ ਰੋਹਤਕ ਹਰਿਆਣਾ ਨੂੰ ਸੱਤ ਦਿਨਾਂ ਲਈ 30 ਜੁਲਾਈ ਨੂੰ ਕਿਰਾਏ ’ਤੇ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਰਤਾਂ ਤੈਅ ਹੋਣ ਮਗਰੋਂ ਪ੍ਰਤੀਕ ਗੱਡੀ ਉਸ ਦੇ ਘਰ ਤੋਂ ਲੈ ਕੇ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਤੈਅ ਸ਼ਰਤਾਂ ਮੁਤਾਬਕ ਪ੍ਰਤੀਕ ਨੇ ਉਸ ਦੀ ਗੱਡੀ ਪੰਜ ਅਗਸਤ ਨੂੰ ਮੋੜਨੀ ਸੀ ਪਰ ਉਸ ਨੇ ਸ਼ਿਕਾਇਤਕਰਤਾ ਦੀ ਗੱਡੀ ਵਾਪਸ ਨਹੀਂ ਕੀਤੀ। ਮੁਲਜ਼ਮ ਵੱਲੋਂ ਤਿੰਨ ਅਗਸਤ ਨੂੰ ਉਸ ਦੀ ਗੱਡੀ ’ਤੇ ਲੱਗਿਆ ਜੀਪੀਐਸ ਟਰੈਕਿੰਗ ਸਿਸਟਮ ਵੀ ਉਤਾਰ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਕਈ ਵਾਰ ਪ੍ਰਤੀਕ ਨਾਲ ਫੋਨ ’ਤੇ ਸੰਪਰਕ ਕੀਤਾ ਪਰ ਉਹ ਗੱਡੀ ਵਾਪਸ ਕਰਨ ਦੀ ਥਾਂ ਉਸ ਨੂੰ ਲਾਅਰੇ ਲਾਉਂਦਾ ਰਿਹਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਪ੍ਰਤੀਕ ਦੇ ਰੋਹਤਕ ਵਾਲੇ ਘਰ ਵੀ ਗਿਆ ਪਰ ਉੱਥੇ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।