ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 8 ਸਤੰਬਰ
ਇੱਥੋਂ ਦੇ ਫੇਜ਼-11 ਦੇ ਵਸਨੀਕ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਥਾਨਕ ਵਸਨੀਕ ਹੁਣ ਲੜੀਵਾਰ ਸੰਘਰਸ਼ ਸ਼ੁਰੂ ਕਰਨ ਦੇ ਰੌਂਅ ਵਿੱਚ ਹਨ। ਰੋਡ ਗਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਥੋੜ੍ਹੇ ਜਿਹੇ ਮੀਂਹ ਦਾ ਪਾਣੀ ਵੀ ਘਰਾਂ ਵਿੱਚ ਵੜ ਜਾਂਦਾ ਹੈ। ਲੋਕਾਂ ਨੇ ਐਤਵਾਰ ਨੂੰ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕੁੱਝ ਦਿਨ ਪਹਿਲਾਂ ਵੀ ਸਥਾਨਕ ਵਸਨੀਕਾਂ ਨੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਸੀ ਪਰ ਉਦੋਂ ਨਿਗਮ ਪ੍ਰਸ਼ਾਸਨ ਨੇ ਜਲ ਨਿਕਾਸੀ ਲਈ ਵੱਡੀ ਪਾਈਪਲਾਈਨ ਪਾਉਣ ਬਾਬਤ 15 ਸਤੰਬਰ ਤੱਕ ਦੀ ਮੋਹਲਤ ਮੰਗੀ ਸੀ ਜਿਸ ਦਾ ਹੁਣ ਤੱਕ ਕੰਮ ਸ਼ੁਰੂ ਨਹੀਂ ਹੋਇਆ। ਧੀਰਜ ਕੁਮਾਰ, ਬਿਕਰਮ ਸਿੰਘ, ਧਰਮ ਸਿੰਘ, ਸੁਮਨਦੀਪ ਸਿੰਘ, ਸੰਜੀਵ ਜੋਸ਼ੀ, ਮਦਨ ਗੋਪਾਲ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਸੱਤ ਪ੍ਰਕਾਸ਼ ਸ਼ਰਮਾ, ਮਲਕੀਤ ਸਿੰਘ ਅਤੇ ਪਵਨਜੀਤ ਸਿੰਘ ਨੇ ਦੱਸਿਆ ਕਿ ਹਫ਼ਤੇ ਵਿੱਚ ਹੁਣ ਤੱਕ ਤਿੰਨ ਵਾਰ ਬਾਰਸ਼ ਹੋ ਚੁੱਕੀ ਹੈ ਅਤੇ ਗੰਦੇ ਪਾਣੀ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਕਾਫ਼ੀ ਨੁਕਸਾਨ ਕੀਤਾ ਹੈ। ਉਨ੍ਹਾਂ ਨਿਗਮ ਪ੍ਰਸ਼ਾਸਨ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਇਸ ਦੌਰਾਨ ਜਲ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਨਾ ਕੀਤਾ ਗਿਆ ਤਾਂ 16 ਸਤੰਬਰ ਤੋਂ ਨਗਰ ਨਿਗਮ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਇਹ ਸਮੱਸਿਆ ਜਿਉਂ ਦੀ ਤਿਉਂ ਹੈ। ਸਿਆਸੀ ਆਗੂ ਅਤੇ ਅਧਿਕਾਰੀ ਹਮੇਸ਼ਾ ਝੂਠੇ ਲਾਰੇ ਲਗਾ ਕੇ ਨਿਕਲ ਜਾਂਦੇ ਹਨ। ਸਕੂਲ ਨੂੰ ਜਾਂਦੀ ਸੜਕ ਅਤੇ ਗਰਾਊਂਡ ਵਿੱਚ ਗੋਡੇ-ਗੋਡੇ ਪਾਣੀ ਭਰ ਜਾਂਦਾ ਹੈ।