ਇੰਫਾਲ, 8 ਸਤੰਬਰ
ਮਨੀਪੁਰ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੌਰਾਨ ਕਈ ਮੌਤਾਂ ਹੋਣ ਮਗਰੋਂ ਸੂਬੇ ਵਿੱਚ ਅੱਜ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਹੈ, ਪਰ ਕਾਬੂ ਹੇਠ ਹੈ। ਇਸੇ ਦੌਰਾਨ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸੂਬੇ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦਰਮਿਆਨ ਅੱਜ ਸਵੇਰੇ 20 ਤੋਂ ਵੱਧ ਵਿਧਾਇਕਾਂ ਨੂੰ ਨਾਲ ਲੈ ਕੇ ਰਾਜਪਾਲ ਐੱਲ. ਅਚਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ।
ਇੱਕ ਅਧਿਕਾਰੀ ਨੇ ਕਿਹਾ, ‘‘ਅੱਜ ਹਿੰਸਾ ਦੀ ਕੋਈ ਤਾਜ਼ਾ ਘਟਨਾ ਦਰਜ ਨਹੀਂ ਕੀਤੀ ਗਈ। ਵੱਖ-ਵੱਖ ਜ਼ਿਲ੍ਹਿਆਂ ਦੇ ਪੁਲੀਸ ਸੁਪਰਡੈਂਟ ਸੁਰੱਖਿਆ ਬਲਾਂ ਨਾਲ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।’’ ਮਨੀਪੁਰ ਵਿੱਚ ਚੱਲ ਰਹੀ ਨਸਲੀ ਹਿੰਸਾ ਦੌਰਾਨ ਹਮਲਿਆਂ ਦਰਮਿਆਨ ਡਰੋਨਾਂ ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ। ਧਮਾਕਾਖੇਜ਼ ਸਮੱਗਰੀ ਸੁੱਟਣ ਵਾਸਤੇ ਡਰੋਨ ਦੀ ਪਹਿਲੀ ਵਾਰ ਵਰਤੋਂ ਪਹਿਲੀ ਸਤੰਬਰ ਨੂੰ ਇੰਫਾਲ ਦੇ ਕੌਤਰੁਕ ਪਿੰਡ ਵਿੱਚ ਕੀਤੀ ਗਈ ਸੀ। ਉਸ ਹਮਲੇ ਵਿੱਚ ਹਥਿਆਰ ਵੀ ਵਰਤੇ ਗਏ ਸਨ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਸੀ, ਜਦੋਂਕਿ ਨੌਂ ਹੋਰ ਜ਼ਖ਼ਮੀ ਹੋ ਗਏ ਸਨ। ਅਧਿਕਾਰੀ ਮੁਤਾਬਕ, ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੇ ਸੂਬਾ ਪੁਲੀਸ ਨੂੰ ਡਰੋਨ ਰੋਕੂ ਪ੍ਰਣਾਲੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਅਸਾਮ ਰਾਈਫਲਜ਼ ਨੇ ਕਿਸੇ ਵੀ ਡਰੋਨ ਹਮਲੇ ਨਾਲ ਨਜਿੱਠਣ ਲਈ ਇੰਫਾਲ ਘਾਟੀ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਡਰੋਨ ਨੂੰ ਫੁੰਡਣ ਵਾਲੀ ਪ੍ਰਣਾਲੀ ਤਾਇਨਾਤ ਕੀਤੀ ਹੈ। ਇਸ ਦੌਰਾਨ, ਸ਼ਨਿਚਰਵਾਰ ਰਾਤ ਨੂੰ ਜਿਰੀਬਾਮ ਜ਼ਿਲ੍ਹੇ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ। ਜਿਰੀਬਾਮ ’ਚ ਸ਼ਨਿਚਰਵਾਰ ਨੂੰ ਹਿੰਸਾ ਦੌਰਾਨ ਪੰਜ ਜਣੇ ਮਾਰੇ ਗਏ ਸਨ।
ਉਧਰ, ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਸੂਬੇ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦਰਮਿਆਨ ਸਵੇਰੇ ਰਾਜਪਾਲ ਐੱਲ. ਅਚਾਰੀਆ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੀਰੇਨ ਸਿੰਘ ਸਵੇਰੇ ਲਗਪਗ 11 ਵਜੇ ਵਿਧਾਇਕਾਂ ਨਾਲ ਰਾਜ ਭਵਨ ਪਹੁੰਚੇ। ਉਨ੍ਹਾਂ ਦੱਸਿਆ ਕਿ ਮੀਟਿੰਗ ਕਰੀਬ ਇੱਕ ਘੰਟਾ ਚੱਲੀ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਮੀਟਿੰਗ ’ਚ ਕਿਸ ਗੱਲ ਨੂੰ ਲੈ ਕੇ ਚਰਚਾ ਹੋਈ ਹੈ। ਇਸ ਤੋਂ ਪਹਿਲਾਂ ਬੀਰੇਨ ਸਿੰਘ ਦੀ ਅਗਵਾਈ ਵਿੱਚ ਵਫ਼ਦ ਨੇ ਸ਼ਨਿੱਚਰਵਾਰ ਸ਼ਾਮ ਨੂੰ ਵੀ ਰਾਜਪਾਲ ਨਾਲ ਮੁਲਾਕਾਤ ਸੀ। – ਪੀਟੀਆਈ
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਦਸ ਲੱਖ ਦੀ ਸਹਾਇਤਾ ਰਾਸ਼ੀ ਸੌਂਪੀ
ਇੰਫਾਲ: ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਮਨੀਪੁਰ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਨੂੰ ਅੱਜ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਸੌਂਪੀ। ਮੁੱਖ ਮੰਤਰੀ ਨੇ ਐਕਸ ’ਤੇ ਲਿਖਿਆ, ‘‘ਮ੍ਰਿਤਕਾਂ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਦਸ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਸੌਂਪੀ ਗਈ ਹੈ। ਹਾਲਾਂਕਿ, ਕੋਈ ਵੀ ਵਿੱਤੀ ਸਹਾਇਤਾ ਜਾਨ ਗੁਆਉਣ ਵਾਲਿਆਂ ਦੀ ਭਰਪਾਈ ਨਹੀਂ ਕਰ ਸਕਦੀ ਪਰ ਪ੍ਰਭਾਵਿਤ ਪਰਿਵਾਰਾਂ ਨਾਲ ਖੜ੍ਹਾ ਹੋਣਾ ਅਤੇ ਇਸ ਮੁਸ਼ਕਲ ਸਮੇਂ ਉਨ੍ਹਾਂ ਨੂੰ ਸਹਾਇਤਾ ਦੇਣਾ ਸਾਡੀ ਜ਼ਿੰਮੇਵਾਰੀ ਹੈ। -ਏਐਨਆਈ