ਨਵੀਂ ਦਿੱਲੀ (ਪੱਤਰ ਪ੍ਰੇਰਕ): ਗੋਬਿੰਦ ਸਦਨ ਮਹਿਰੌਲੀ ਵਿੱਚ ਬਾਬਾ ਸ੍ਰੀਚੰਦ ਦੇ 530ਵੇਂ ਜਨਮ ਦਿਨ ਮੌਕੇ ਅੱਜ ਸੰਗਤ ਨੇ ਗੁਰਬਾਣੀ ਕੀਰਤਨ ਅਤੇ ਕਥਾ ਪ੍ਰਵਾਹ ਦਾ ਆਨੰਦ ਮਾਣਿਆਂ। ਬਾਬਾ ਵਿਰਸਾ ਸਿੰਘ ਜੀ ਮਹਾਰਾਜ ਟਰੱਸਟ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਬਾਬਾ ਸ੍ਰੀਚੰਦ ਦੇ ਜੀਵਨ ਬਾਰੇ ਬਾਬਾ ਹਰਦੀਪ ਸਿੰਘ, ਗਿਆਨੀ ਇਕਬਾਲ ਸਿੰਘ ਨੇ ਜਾਣਕਾਰੀ ਦਿੱਤੀ। ਟਰੱਸਟ ਦੇ ਸਕੱਤਰ ਚਰਚਿਲ ਸਿੰਘ ਚੱਢਾ ਨੇ ਦੱਸਿਆ ਕਿ ਇੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ। ਅਮਰੀਕਾ ਤੋਂ ਆ ਕੇ ਇੱਕੇ ਕਈ ਦਹਾਕਿਆਂ ਤੋਂ ਭਗਤੀ ਕਰਦੀ ਆ ਰਹੀ ਮਾਤਾ ਮੈਰੀ ਪੈਡ ਨੇ ਬੀਬੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਜਨਕਲਿਆਣਕਾਰੀ ਯੋਜਨਾ ਦੇ ਮੁਖੀ ਅਨਿਤ ਕੌਸ਼ਿਕ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਮਨੁੱਖਤਾ ਲਈ ਕੁਰਬਾਨੀ ਦਿੱਤੀ। ਮੀਂਹ ਦੇ ਬਾਵਜੂਦ ਕਾਫ਼ੀ ਸੰਗਤ ਮੌਜੂਦ ਸੀ। ਬਾਬਾ ਵਿਰਸਾ ਸਿੰਘ ਦੇ ਕਾਰਜਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਕਾਲੜਾ, ਸਾਬਕਾ ਮੈਂਬਰ ਉਂਕਾਰ ਸਿੰਘ ਰਾਜਾ ਅਤੇ ਗੁਰਜੀਤ ਸਿੰਘ ਰੰਧਾਵਾ ਹਾਜ਼ਰ ਸਨ।