ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਰਾਜ ਨਿਵਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਜਲਦੀ ਹੀ ਅੰਤਰਰਾਜੀ ਟਰਮਿਨਲਾਂ ’ਤੇ ਬੱਸਾਂ ਲਈ ਨਵੀਆਂ ਦਰਾਂ ਅਤੇ ਮਾਪਦੰਡਾਂ ਨੂੰ ਸੂਚਿਤ ਕਰੇਗੀ। ਉਪ ਰਾਜਪਾਲ ਵੀਕੇ ਸਕਸੈਨਾ ਨੇ 31 ਅਗਸਤ ਨੂੰ ਕਸ਼ਮੀਰੀ ਗੇਟ ਵਿਖੇ ਮਹਾਰਾਣਾ ਪ੍ਰਤਾਪ ਇੰਟਰਸਟੇਟ ਬੱਸ ਟਰਮਿਨਲ ਦਾ ਨਿਰੀਖਣ ਕੀਤਾ ਅਤੇ ਬਾਅਦ ਵਿੱਚ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਸ਼ਾਮਲ ਹੋਏ।
ਟਰਾਂਸਪੋਰਟ ਵਿਭਾਗ ਆਧੁਨਿਕ ਟਰਮਿਨਲਾਂ ਦੀ ਵਰਤੋਂ ਕਰਨ ਵਾਲੀਆਂ ਅੰਤਰਰਾਜੀ ਬੱਸਾਂ ਲਈ ਨਵੀਆਂ ਦਰਾਂ ਅਤੇ ਨਿਯਮਾਂ ਨੂੰ ਸੂਚਿਤ ਕਰਨ ਲਈ ਤਿਆਰ ਹੈ। ਦਿੱਲੀ ਵਿੱਚ ਕਸ਼ਮੀਰੀ ਗੇਟ, ਆਨੰਦ ਵਿਹਾਰ ਅਤੇ ਸਰਾਏ ਕਾਲੇ ਖਾਨ ਵਿਖੇ ਤਿੰਨ ਕਾਰਜਸ਼ੀਲ ਅੰਤਰਰਾਜੀ ਬੱਸ ਟਰਮਿਨਲ ਹਨ। ਉਪ ਰਾਜਪਾਲ ਨੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਲਈ ਬਰਾਬਰ ਪਾਰਕਿੰਗ ਦਰਾਂ ਅਤੇ ਪਾਰਕਿੰਗ ਦੇ ਸਮੇਂ ਨੂੰ ਬਰਾਬਰ ਘਟਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਟ੍ਰੈਕਿੰਗ ਨੂੰ ਯਕੀਨੀ ਬਣਾਉਣ ਲਈ ਸਿਰਫ਼ ਫਾਸਟੈਗ ਵਾਲੀਆਂ ਬੱਸਾਂ ਨੂੰ ਹੀ ਟਰਮਿਨਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਨਵੇਂ ਮਾਪਦੰਡ ਨਾ ਸਿਰਫ਼ ਕੰਮਕਾਜ ਵਿੱਚ ਕੁਸ਼ਲਤਾ ਨੂੰ ਯਕੀਨੀ ਬਣਾਉਣਗੇ, ਸਗੋਂ ਨਿਗਰਾਨੀ ਵੀ ਰਹੇਗੀ।
ਬੱਸਾਂ ਨੂੰ ਇੱਕ ਨਿਸ਼ਚਿਤ ਦਰ ’ਤੇ 25 ਮਿੰਟ ਦਾ ਪਾਰਕਿੰਗ ਸਮਾਂ ਤੇ ਸਥਾਨ ਦਿੱਤਾ ਜਾਵੇਗਾ। ਉਸ ਤੋਂ ਬਾਅਦ ਹਰ ਪੰਜ-ਮਿੰਟ ਵਾਧੂ ਲਈ ਚਾਰਜ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਾਸਟੈਗਸ ਰਾਹੀਂ ਅਮਲ ਨੂੰ ਯਕੀਨੀ ਬਣਾਇਆ ਜਾਵੇਗਾ। ਫਾਸਟੈਗ ਤੋਂ ਬਿਨਾਂ ਬੱਸਾਂ ਅੱਡਿਆਂ ਦੇ ਅੰਦਰ ਨਹੀਂ ਜਾਣਗੀਆਂ ਅਤੇ ਬੱਸ ਅਮਲੇ ਨੂੰ ਬੱਸ ਅੱਡੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਫਾਸਟੈਗ ਖਰੀਦਣ ਦੀ ਸਹੂਲਤ ਹੋਵੇਗੀ।