ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਦਿੱਲੀ ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ ਦਰਮਿਆਨ ਤਾਲਮੇਲ ਤੇ ਪੈਸੇ ਦੀ ਘਾਟ ਕਾਰਨ ਚਾਂਦਨੀ ਚੌਕ ਦੀ ਸਫ਼ਾਈ ਦਾ ਮਾਮਲਾ ਲਟਕ ਗਿਆ ਹੈ। ਪੀਡਬਲਿਊਡੀ ਨੇ ਸਫ਼ਾਈ ਵਿਵਸਥਾ ਸੰਭਾਲਣ ਵਾਲੀ ਨਿੱਜੀ ਕੰਪਨੀ ਤੋਂ ਵਾਪਸ ਲੈ ਕੇ ਐੱਮਸੀਡੀ ਨੂੰ ਸੌਂਪ ਦਿੱਤੀ ਪਰ ਐੱਮਸੀਡੀ ਇਸ ਤੋਂ ਕਿਨਾਰਾ ਕਰ ਗਈ ਹੈ।
ਇਸ ਕਾਰਨ ਪ੍ਰਾਈਵੇਟ ਕੰਪਨੀ ਦੇ ਕਰੀਬ 3.5 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਵਿੱਚ ਵੀ ਦਿੱਕਤ ਆ ਰਹੀ ਹੈ। ਜ਼ਿਕਰਯੋਗ ਹੈ ਕਿ ਚਾਂਦਨੀ ਚੌਕ ਦੀ ਮੁੱਖ ਸੜਕ ਦੇ ਪੁਨਰ ਵਿਕਾਸ ਦੇ ਨਾਲ-ਨਾਲ ਇੱਥੇ ਸਫ਼ਾਈ ਦੀ ਜ਼ਿੰਮੇਵਾਰੀ 2021 ਵਿੱਚ ਲੋਕ ਨਿਰਮਾਣ ਵਿਭਾਗ ਨੂੰ ਦਿੱਤੀ ਗਈ ਸੀ। ਮਗਰੋਂ ਇਸ ਨੂੰ ਨਿੱਜੀ ਕੰਪਨੀ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਹੁਣ ਇਸ ਇਲਾਕੇ ਦੇ ਸਫ਼ਾਈ ਮੁਲਾਜ਼ਮਾਂ ਤੇ ਮਾਰਸ਼ਲਾਂ ਦੀ ਅਦਾਇਗੀ ਰੁਕ ਗਈ ਹੈ। ਕੰਪਨੀ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਲਿਖੇ ਪੱਤਰ ਅਨੁਸਾਰ ਅਦਾਇਗੀ ਬਕਾਇਆ ਹੈ ਅਤੇ ਸੇਵਾ ਦਾ ਇਕਰਾਰਨਾਮਾ ਵੀ ਮੁੜ ਨਹੀਂ ਕੀਤਾ ਗਿਆ। ਪੱਤਰ ਵਿੱਚ ਕਿਹਾ ਗਿਆ ਕਿ 16 ਅਕਤੂਬਰ ਤੋਂ ਸੇਵਾਵਾਂ ਨੂੰ ਜਾਰੀ ਰੱਖਣਾ ਸੰਭਵ ਨਹੀਂ ਹੋਵੇਗਾ। ਕਿਰਪਾ ਕਰਕੇ ਰੁਪਏ ਦਾ ਬਕਾਇਆ ਭੁਗਤਾਨ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੇ ਇਸ ਗੱਲ ਨੂੰ ਮੰਨਿਆ ਅਤੇ ਕਿਹਾ ਕਿ ਇਹ ਸਮੱਸਿਆ ਫੰਡਾਂ ਦੀ ਘਾਟ ਕਾਰਨ ਆਈ ਹੈ। ਚਾਂਦਨੀ ਚੌਕ ਵਿੱਚ ਅਨੁਸ਼ਾਸਨ ਲਾਗੂ ਕਰਨ ਲਈ ਤਾਇਨਾਤ 124 ਤੋਂ ਵੱਧ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਮਾਰਚ ਤੋਂ ਤਨਖਾਹ ਨਹੀਂ ਮਿਲੀ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਵਾਹਨਾਂ ਦੀ ਸੰਖਿਆ ਨੂੰ ਨਿਯਮਤ ਕਰਨ ਲਈ ਜਰਸੀ ਬੈਰੀਅਰ ਕੰਮ ਨਹੀਂ ਕਰ ਰਹੇ ਅਤੇ ਫੁੱਟਪਾਥ ਹੁਣ ਪਾਨ ਦੇ ਥੁੱਕ ਨਾਲ ਰੰਗਿਆ ਹੋਇਆ ਹੈ।