ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਸਤੰਬਰ
ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਹੈ ਕਿ ਭਾਜਪਾ ਤੀਜੀ ਵਾਰ ਥਾਨੇਸਰ ਵਿਧਾਨ ਸਭਾ ਤੋਂ ਜਿੱਤ ਹਾਸਲ ਕਰੇਗੀ। ਇਸ ਖੇਤਰ ਦੇ ਕਰੀਬ 32 ਮੌਜੂਦਾ ਤੇ 13 ਸਾਬਕਾ ਸਰਪੰਚਾਂ ਨੇ ਭਾਜਪਾ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਾਂਗਰਸ ਪਾਰਟੀ ਦੇ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ। ਉਹ ਅੱਜ ਪਿਪਲੀ ਰੋਡ ’ਤੇ ਇਕ ਨਿੱਜੀ ਹੋਟਲ ਵਿਚ ਸਰਪੰਚਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸੁਧਾ ਨੇ ਕਿਹਾ ਕਿ ਥਾਨੇਸਰ ਤੋਂ ਵਿਰੋਧੀ ਧਿਰ ਦੇ ਆਗੂ ਕਾਂਗਰਸ ਦਾ ਪਟਕਾ ਪਾ ਕੇ ਆਪਣੀ ਹਮਾਇਤ ਹਾਸਲ ਕਰਨ ਲਈ ਦੂਜਿਆਂ ਦੀਆਂ ਮੀਟਿੰਗਾਂ ਵਿੱਚ ਜਾ ਕੇ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਪੰਚ ਭਾਜਪਾ ਦੇ ਨਾਲ ਹਨ ਤੇ ਹਮੇਸ਼ਾ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਜਬਰੀ ਸਰਪੰਚਾਂ ਦੇ ਗਲੇ ਵਿੱਚ ਪਟਕੇ ਪਾ ਕੇ ਆਪਣੇ ਹੱਕ ਵਿਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹਮਾਇਤੀ ਸਰਪੰਚ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਮੀਟਿੰਗ ਵਿਚ ਬਹਾਦਰਪੁਰਾ ਤੋਂ ਡਾ. ਰਾਜੇਸ਼ ਸਰਪੰਚ, ਤਿਗਰੀ ਖਾਲਸਾ ਤੋਂ ਸਾਬਕਾ ਸਰਪੰਚ ਸੰਦੀਪ ਕੁਮਾਰ, ਪਿੰਡ ਬਾਹਰੀ ਦੇ ਸਰਪੰਚ ਸੋਨੂੰ, ਡੇਰਾ ਰਾਮ ਨਗਰ ਦੇ ਸੁਭਾਸ਼, ਕੈਂਥਲਾ ਤੋਂ ਬਲਦੇਵ ਸਿੰਘ ਸੈਣੀ, ਡੋਡਾ ਖੇੜੀ ਤੋਂ ਬਾਬੂ ਰਾਮ ਦਬਖੇੜੀ ਤੋਂ ਸਰਪੰਚ ਓਮ ਪ੍ਰਕਾਸ਼ ਮੌਜੂਦ ਸਨ।