ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਸਤੰਬਰ
ਲਾਡਵਾ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਜੱਦੀ ਪਿੰਡ ਮੰਗੋਲੀ ਜਾਟਾਨ ਦਾ ਦੌਰਾ ਕੀਤਾ। ਉਨ੍ਹਾਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਖੇੜਾ ਵਿਚ ਮੱਥਾ ਟੇਕਿਆ। ਉਨ੍ਹਾਂ ਨੇ ਪਰਿਵਾਰ ਸਣੇ ਨਗਰ ਖੇੜਾ ਦੀ ਪੂਜਾ ਕੀਤੀ ਤੇ ਅਸ਼ੀਰਵਾਦ ਲੈਣ ਮਗਰੋਂ ਚੋਣ ਮੁਹਿੰਮ ਦਾ ਆਗਾਜ ਕੀਤਾ। ਇਸ ਮਗਰੋਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਤੋਂ ਇਲਾਵਾ ਹਰ ਖੇਤਰ ਵਿਚ ਸੂਬੇ ਦਾ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਇਸ ਕਰਕੇ ਸੂਬਾ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਜਪਾ ਸੂਬੇ ਵਿੱਚ ਤੀਜੀ ਵਾਰ ਭਾਰੀ ਬਹੁਮੱਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਾਂਗਰਸ ਤੇ ‘ਆਪ’ ਨੂੰ ਭ੍ਰਿਸ਼ਟ ਪਾਰਟੀਆਂ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਤੇ ਕਾਂਗਰਸ ਦਾ ਉਦੇਸ਼ ਵਿਕਾਸ ਤੇ ਲੋਕਾਂ ਦੀ ਭਲਾਈ ਕਰਨਾ ਨਹੀਂ ਸਗੋਂ ਇੱਕਠੇ ਹੋ ਕੇ ਭ੍ਰਿਸ਼ਟਾਚਾਰ ਕਰਕੇ ਆਪਣਾ ਵਿਕਾਸ ਕਰਨਾ ਹੈ। ਇਸ ਮੌਕੇ ਲਾਡਵਾ ਦੇ ਸਾਬਕਾ ਵਿਧਾਇਕ ਡਾ ਪਵਨ ਸੈਣੀ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਨਾਇਬ ਸਿੰਘ ਪ੍ਰਤਾਪ ਮਾਜਰਾ, ਸਤਬੀਰ ਮੰਗੋਲੀ, , ਗੁਰਨਾਮ ਮੰਗੋਲੀ, ਜੈ ਸਿੰਘ ਮੰਗੋਲੀ, ਰਾਜੀਵ ਗੁੜੀ, ਨਵਨੀਤ ਸੈਣੀ, ਗੁਲਾਬ ਸੈਣੀ ਕੈਨੇਡਾ, ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਉਦਾਰਸੀ, ਅਕਸ਼ੇ ਸੈਣੀ ਮੌਜੂਦ ਸਨ।