ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਸਤੰਬਰ
ਸਨਅਤੀ ਸ਼ਹਿਰ ਵਿੱਚ ਇਸ ਵਾਰ ਮੌਨਸੂਨ ਸੀਜਨ ਵਿੱਚ ਮੀਂਹ ਘੱਟ ਪੈਣ ਕਰਕੇ ਲੋਕਾਂ ਨੂੰ ਦਿਨ ਸਮੇਂ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਵਾਰ ਮੌਨਸੂਨ ਸੀਜ਼ਨ ਦੇ ਮੁਕਾਬਲੇ 150 ਐੱਮਐੱਮ ਮੀਂਹ ਘੱਟ ਪਿਆ ਹੈ। ਪਿਛਲੇ ਦਿਨਾਂ ਤੋਂ ਨਿਕਲਦੀ ਤਿੱਖੀ ਧੁੱਪ ਕਾਰਨ ਦਿਨ ਸਮੇਂ ਦਾ ਤਾਮਪਾਨ 35 ਤੋਂ 37 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇ ਕੇ ਗਿੱਲ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਮੌਨਸੂਨ ਸੀਜ਼ਨ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਘੱਟ ਪਿਆ ਹੈ। ਅਗਸਤ ਅਤੇ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟੁੱਟਵਾਂ ਮੀਂਹ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਨਹੀਂ ਹੋ ਰਹੀ। ਹੁਣ ਤੱਕ ਦੇ ਮੌਨਸੂਨ ਸੀਜ਼ਨ ਵਿੱਚ 4-5 ਵਾਰ ਹੀ ਭਰਵਾਂ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਡਾ. ਕੇ ਕੇ ਗਿੱਲ ਦਾ ਕਹਿਣਾ ਹੈ ਕਿ ਮੌਨਸੂਨ ਸੀਜ਼ਨ ਸਾਢੇ ਤਿੰਨ ਤੋਂ ਪੌਣੇ ਚਾਰ ਮਹੀਨੇ ਦਾ ਹੁੰਦਾ ਹੈ। ਪਿਛਲੇ ਸਾਲਾਂ ਦੌਰਾਨ ਔਸਤਨ ਮੀਂਹ 600 ਐੱਮਐੱਮ ਦਰਜ ਕੀਤਾ ਗਿਆ ਸੀ ਜਦਕਿ ਇਸ ਵਾਰ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ 450 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਔਸਤਨ ਮੀਂਹ 190 ਐੱਮਐੱਮ ਪੈਂਦਾ ਹੈ ਜੋ ਇਸ ਵਾਰ 240 ਐੱਮਐੱਮ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਤੰਬਰ ਮਹੀਨੇ ਵਿੱਚ ਔਸਤਨ ਮੀਂਹ 106 ਤੋਂ 109 ਐੱਮਐੱਮ ਦਰਜ ਕੀਤਾ ਗਿਆ ਹੈ ਜਦਕਿ ਸਤੰਬਰ ਮਹੀਨੇ ’ਚ ਹੁਣ ਤੱਕ 85 ਐੱਮਐੱਮ ਮੀਂਹ ਪੈ ਚੁੱਕਾ ਹੈ।