ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਇੱਥੇ ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ-ਝਗੜਿਆਂ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ 32 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਬੇਲਾ ਕਲੋਨੀ ਥਾਣਾ ਭਾਰਗੋ ਕੈਂਪ ਜਲੰਧਰ ਵਾਸੀ ਸੂਰਜ ਸ਼ੁਕਲਾ ਨੇ ਦੱਸਿਆ ਕਿ ਉਹ ਸੈਸ਼ਨ ਚੌਕ ਤੋਂ ਦਵਾਈ ਲੈ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਜਲੰਧਰ ਬਾਈਪਸ ਚੌਕ ਛੱਲੀ ਵਾਲੇ ਪਾਸ ਖੜ੍ਹ ਕੇ ਛੱਲੀ ਖਾਣ ਲੱਗ ਪਿਆ ਤਾਂ ਇੱਕ ਚਿੱਟੇ ਰੰਗ ਦੀ ਕਾਰ ਵਿੱਚ 3-4 ਨੌਜਵਾਨ ਉਸ ਕੋਲ ਆਏ ਜਿਨ੍ਹਾਂ ਬਿਨਾਂ ਕਾਰਨ ਬੇਸਬਾਲ ਨਾਲ ਉਸ ਦੀ ਕੁੱਟਮਾਰ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਉਹ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਸ੍ਰੀ ਸਾਈਂ ਐਨਕਲੇਵ ਲਾਦੀਆਂ ਖੁਰਦ ਵਾਸੀ ਕਮਲ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਗਲੀ ਵਿੱਚ ਆਪਣਾ ਕੁੱਤਾ ਘੁਮਾ ਰਿਹਾ ਸੀ ਕਿ ਕੁੱਝ ਲੋਕਾਂ ਨੇ ਉਸ ਨਾਲ ਗਾਲੀ ਗਲੋਚ ਕਰਕੇ ਕੁੱਟਮਾਰ ਕੀਤੀ ਤੇ ਉਸਦੇ ਘਰ ਬਾਹਰ ਖੜ੍ਹੀ ਸਵਿਫ਼ਟ ਡਿਜਾਈਰ ਗੱਡੀ ਦੀ ਭੰਨ-ਤੋੜ ਕਰ ਕੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਵੱਲੋਂ ਪ੍ਰਿੰਸ, ਆਯੁਸ਼, ਸੁਰੇਸ਼ ਕੁਮਾਰ, ਸ਼ਿਵ ਕੁਮਾਰ, ਕ੍ਰਿਸ਼ਨ ਦੁਰਗੇਸ਼ ਸਮੇਤ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਗਾਰਡਨ ਸਿਟੀ ਭਾਮੀਆਂ ਰੋਡ ਮੁੰਡੀਆਂ ਕਲਾਂ ਵਾਸੀ ਰੀਨਾ ਦੇਵੀ ਨੇ ਦੱਸਿਆ ਕਿ ਉਸਦੀ ਸੱਸ ਬਸੰਤੀ ਦੇਵੀ ਗੁਆਂਢ ਵਿੱਚ ਪਰਮਜੀਤ ਕੌਰ ਪੰਮੀ ਦੇ ਘਰ ਆਪਣੀ ਪਈ ਹੋਈ ਕਮੇਟੀ ਲੈਣ ਲਈ ਗਈ ਸੀ, ਜੋ ਕਾਫੀ ਦੇਰ ਤੱਕ ਘਰ ਵਾਪਸ ਨਹੀਂ ਆਈ। ਉਹ ਜਦੋਂ ਉਸ ਨੂੰ ਦੇਖਣ ਲਈ ਉੱਥੇ ਗਈ ਤਾਂ ਪਰਮਜੀਤ ਕੌਰ ਪੰਮੀ, ਉਸਦੇ ਪਤੀ ਪਰਮਿੰਦਰ ਸਿੰਘ ਵਿੱਕੀ, ਉਸ ਦੇ ਪੁੱਤਰ ਬੱਲੂ ਨੇ ਕਥਿਤ ਤੌਰ ’ਤੇ ਉਸ ਦੀ ਕੁੱਟਮਾਰ ਕਰ ਕੇ ਕੱਪੜੇ ਪਾੜ ਦਿੱਤੇ ਤੇ ਉਸ ਨਾਲ ਛੇੜਛਾੜ ਕਰਦਿਆਂ ਧਮਕੀਆਂ ਦਿੱਤੀਆਂ। ਥਾਣੇਦਾਰ ਜੋਗਿੰਦਰਪਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।