ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੇ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਗੰਦਾ ਨਾਲਾ ਰੋਡ ਕਿਰਪਾਲ ਨਗਰ ਪੁੱਲੀ ਮੋਜੂਦ ਸੀ ਤਾਂ ਦਲਜੀਤ ਸਿੰਘ ਵਾਸੀ ਪਿੰਡ ਜਗਤਪੁਰਾ ਪੰਜ ਢੇਰਾ, ਫਿਲੌਰ ਚੋਰੀ ਦੇ ਬਿਨਾਂ ਨੰਬਰੀ ਮੋਟਰਸਾਈਕਲ ਸਪਲੈਂਡਰ ’ਤੇ ਸਵਾਰ ਹੋ ਕੇ ਉਸਨੂੰ ਵੇਚਣ ਲਈ ਜਾ ਰਿਹਾ ਸੀ। ਪੁਲੀਸ ਵੱਲੋਂ ਉਸਨੂੰ ਘਾਟੀ ਵਾਲਮੀਕ ਪੁਲੀ ਤੋਂ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਹਰਮੇਸ਼ ਲਾਲ ਨੇ ਪਿੰਡ ਬੂਥਗੜ੍ਹ ਰਾਹੋਂ ਰੋਡ ਵਾਸੀ ਸੁਖਵਿੰਦਰ ਸਿੰਘ ਨੂੰ ਗਸ਼ਤ ਦੌਰਾਨ ਕੇਲਾ ਚੌਂਕ ਦਾਣਾ-ਮੰਡੀ ਤੋਂ ਖੋਹ ਕੀਤੇ ਹੋਏ ਮੋਬਾਈਲ ਵੇਚਣ ਲਈ ਖੋਹ ਕੀਤੇ ਮੋਟਰਸਾਈਕਲ ਸੀਡੀ 100 ਡੀਲਕਸ ’ਤੇ ਜਾਅਲੀ ਨੰਬਰ ਲਗਾ ਕੇ ਆਉਦਿਆਂ ਕਾਬੂ ਕਰਕੇ ਉਸ ਪਾਸੋਂ 2 ਮੋਬਾਈਲ ਫੋਨ, ਮੋਟਰਸਾਈਕਲ ਅਤੇ ਇੱਕ ਦਾਤਰ ਲੋਹਾ ਬਰਾਮਦ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਭੋਲਾ ਕਲੋਨੀ ਵਾਸੀ ਆਸ਼ੂ ਯਾਦਵ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਕਿ ਅੰਮ੍ਰਿਤ ਧਰਮ ਕੰਡੇ ਤੋਂ ਭੋਲਾ ਕਲੋਨੀ ਵੱਲ ਜਾਂਦਿਆਂ ਦੋ ਲੜਕਿਆਂ ਨੇ ਉਸ ਨੂੰ ਘੇਰ ਕੇ ਦਾਤ ਦਿਖਾਇਆ ਅਤੇ ਉਸਦਾ ਮੋਬਾਈਲ ਫੋਨ ਖੋਹਕੇ ਫ਼ਰਾਰ ਹੋ ਗਏ। ਥਾਣੇਦਾਰ ਜਗਦੀਸ਼ ਰਾਜ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅੰਮ੍ਰਿਤਸਰ ਵਾਸੀ ਅਮਨ ਅਤੇ ਸ਼ੁਭਮ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਮੋਟਰਸਾਈਕਲ, 4 ਮੋਬਾਈਲ ਫੋਨ ਅਤੇ ਇੱਕ ਦਾਤ ਬਰਾਮਦ ਕੀਤਾ ਹੈ।