ਗੁਰਬਖਸ਼ਪੁਰੀ
ਤਰਨ ਤਾਰਨ, 8 ਸਤੰਬਰ
ਭਿੱਖੀਵਿੰਡ ਵਿੱਚ ਗੋਦਾਮਾਂ ਤੋਂ ਅਨਾਜ ਦੀ ਢੋਆ-ਢੁਆਈ ਦੇ ਕੰਮ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਹੋਣ ’ਤੇ ਠੇਕੇਦਾਰ ਨੇ ਦਿਹਾੜੀਦਾਰਾਂ ’ਤੇ ਗੋਲੀਆਂ ਚਲਾ ਦਿੱਤੀਆਂ| ਦੂਸਰੀ ਧਿਰ ਦੇ ਆਗੂ ਕੁਲਵਿੰਦਰ ਸਿੰਘ ਨੇ ਇਸ ਸਬੰਧੀ ਭਿਖੀਵਿੰਡ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਕਿ ਠੇਕੇਦਾਰ ਮਨਪ੍ਰੀਤ ਸਿੰਘ ਵਾਸੀ ਦਾਊਦਪੁਰ ਨੇ ਗੱਲਾ ਯੂਨੀਅਨ ਦੇ ਲੇਬਰ ਦੇ 239 ਮਜ਼ਦੂਰਾਂ ਤੋਂ ਦੋ ਸਾਲ ਪਹਿਲਾਂ ਕੰਮ ਕਰਵਾਇਆ ਸੀ ਪਰ ਉਨ੍ਹਾਂ ਨੂੰ ਲੇਬਰ ਦੇ 20 ਲੱਖ ਰੁਪਏ ਅਜੇ ਤੱਕ ਵੀ ਨਹੀਂ ਦਿੱਤੇ| ਉਹ ਬੀਤੇ ਦਿਨ ਫਿਰ ਲੇਬਰ ਤੋਂ ਕੰਮ ਕਰਵਾਉਣ ਲਈ ਜ਼ੋਰ ਦੇ ਰਿਹਾ ਸੀ ਪਰ ਲੇਬਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਪਹਿਲਾਂ ਕਰਵਾਏ ਕੰਮ ਦੇ ਪੈਸੇ ਦੇਣ ਲਈ ਕਿਹਾ| ਇਸੇ ਦੌਰਾਨ ਮਨਪ੍ਰੀਤ ਸਿੰਘ ਗੱਲਾ ਯੂਨੀਅਨ ਵੱਲੋਂ ਕੰਮ ਨਾ ਕਰਨ ’ਤੇ ਮਜ਼ਦੂਰ ਬਾਹਰੋਂ ਲੈ ਆਇਆ| ਬਾਹਰੋਂ ਲੇਬਰ ਆਉਣ ’ਤੇ ਸਥਾਨਕ ਲੇਬਰ ਨੇ ਇਸ ਖ਼ਿਲਾਫ਼ ਇਤਰਾਜ਼ ਕੀਤਾ ਤਾਂ ਮਨਪ੍ਰੀਤ ਸਿੰਘ ਨੇ ਗੱਲਾ ਯੂਨੀਅਨ ਵੱਲ ਗੋਲੀਆਂ ਚਲਾ ਦਿੱਤੀਆਂ| ਭਿੱਖੀਵਿੰਡ ਥਾਣਾ ਦੇ ਪੁਲੀਸ ਅਧਿਕਾਰੀ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਮੌਕੇ ’ਤੇ ਆ ਕੇ ਮਨਪ੍ਰੀਤ ਸਿੰਘ ਵੱਲੋਂ ਚਲਾਈਆਂ ਗੋਲੀਆਂ ਦੇ ਪੰਜ ਖੋਲ ਬਰਾਮਦ ਕੀਤੇ ਹਨ। ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 125, 191 (3) 190 ਤਹਿਤ ਕੇਸ ਦਰਜ ਕੀਤਾ ਗਿਆ ਹੈ| ਗੋਲੀਆਂ ਚਲਾਉਣ ’ਤੇ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ।