ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 8 ਸਤੰਬਰ
ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਐੱਸਜੀ ਠਾਕੁਰ ਸਿੰਘ ਦਾ ਅੱਜ 125ਵਾਂ ਜਨਮ ਦਿਨ ਮਨਾਇਆ ਗਿਆ। ਆਰਟ ਗੈਲਰੀ ਦੇ ਮੌਜੂਦਾ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ, ਆਨਰੇਰੀ ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ, ਸੈਕਟਰੀ ਵਿਜ਼ੁਅਲ ਆਰਟ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਧਰਮਿੰਦਰ ਸ਼ਰਮਾ, ਨਰਿੰਦਰਜੀਤ ਸਿੰਘ ਆਰਕੀਟੈਕਟ, ਕੁਲਵੰਤ ਸਿੰਘ ਗਿੱਲ ਅਤੇ ਮੈਂਬਰਾਂ ਨੇ ਐੱਸਜੀ ਠਾਕੁਰ ਦੀ ਫੋਟੋ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਆਨਰੇਰੀ ਜਨਰਲ ਸਕੱਤਰ ਡਾ. ਗਰੋਵਰ ਨੇ ਦੱਸਿਆ ਕਿ ਐੱਸਜੀ ਠਾਕੁਰ ਸਿੰਘ ਦਾ ਜਨਮ 1899 ਵਿੱਚ ਵੇਰਕਾ ਵਿੱਚ ਹੋਇਆ ਸੀ। 1973 ਵਿੱਚ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾ ਦੀਆਂ ਪੇਂਟਿੰਗਾਂ 1924 ਵਿੱਚ ਬ੍ਰਿਟਿਸ਼ ਐਂਪਾਇਰ ਲੰਡਨ ਵਿੱਚ ਇਨਾਮ ਜੇਤੂ ਰਹੀਆਂ। ਉਨ੍ਹਾਂ ਦਾ ਨਾਮ ਦੇਸ਼ ਦੇ ਪ੍ਰਮੁੱਖ ਕਲਾਕਾਰਾਂ ਵਿੱਚ ਆਉਂਦਾ ਹੈ। ਐੱਸਜੀ ਠਾਕੁਰ ਸਿੰਘ ਵੱਲੋਂ ਬਣਾਈਆਂ ਗਈਆਂ 100 ਸਾਲ ਪੁਰਾਣੀਆਂ ਪੇਂਟਿੰਗਾਂ ਹਾਲੇ ਵੀ ਆਰਟ ਗੈਲਰੀ ਵਿੱਚ ਪ੍ਰਦਰਸ਼ਿਤ ਹਨ।