ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 8 ਸਤੰਬਰ
ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਜਥੇਬੰਦੀਆਂ ਵੱਲੋਂ ਸਰਕਾਰੀ ਹਸਪਤਾਲ ਕਲਾਨੌਰ ਵਿੱਚ ਡਾਕਟਰਾਂ ਅਤੇ ਹੋਰ ਅਮਲੇ ਦੀਆਂ ਖਾਲੀ ਅਸਾਮੀਆਂ ਦੀ ਪੂਰਤੀ ਲਈ ਲਾਇਆ ਗਿਆ ਧਰਨਾ ਅੱਜ ਬਾਰ੍ਹਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਅੱਜ ਦੇ ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਇਕਾਈ ਦਿਓਲ ਦੇ ਪ੍ਰਧਾਨ ਲਖਵੰਤ ਸਿੰਘ ਅਤੇ ਸਨੀ ਨਬੀ ਨਗਰ ਨੇ ਸਾਂਝੇ ਤੌਰ ’ਤੇ ਕੀਤੀ। ਅੱਜ ਧਰਨੇ ਵਿੱਚ ਸ਼ਾਮਲ ਹੋਣ ਵਾਲੇ ਸਾਥੀਆਂ ਨੂੰ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਅਤੇ ਕਿਸਾਨ ਆਗੂ ਬਲਰਾਜ ਸਿੰਘ ਤੇ ਬਲਜੀਤ ਸਿੰਘ ਗੋਰਾਇਆ ਨੇ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾ ਕੇ ਧਰਨੇ ’ਤੇ ਬਿਠਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਸਰਕਾਰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਜਲਦੀ ਤੋਂ ਜਲਦੀ ਇਸ ਹਸਪਤਾਲ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਧਰਨੇ ਵਿੱਚ ਲਖਵੰਤ ਸਿੰਘ ਦਿਓਲ, ਵਿੱਕੀ ਮਸੀਹ ਮਸਤਕੋਟ ਬੀਰਾ ਮਸੀਹ ਖੁਸ਼ੀਪੁਰ, ਜਤਿੰਦਰ ਮਸੀਹ ਨਬੀ ਨਗਰ, ਜਤਿੰਦਰ ਪਾਲ ਸਿੰਘ, ਬਲਵਿੰਦਰ ਸਿੰਘ, ਨਰਾਇਣ ਸਿੰਘ ਨਿਹੰਗ ਸਿੰਘ, ਆਕਾਸ਼ਦੀਪ ਸਿੰਘ, ਲਾਡੀ ਸਿੱਧੂ, ਪ੍ਰਗਟ ਸਿੰਘ, ਕੇਵਲ, ਚੰਚਲ ਸਿੰਘ ਕਲਾਨੌਰ, ਕਰਤਾਰ ਸਿੰਘ ਫੌਜੀ ਖਾਰਾ, ਪਰਸ਼ ਰਾਮ ਸੈਣੀ ਕਲਾਨੌਰ, ਸੁਰਜਨ ਸਿੰਘ ਕਲਾਨੌਰ ਤੇ ਹੋਰ ਹਾਜ਼ਰ ਸਨ।