ਨੂਰਪੁਰ ਬੇਦੀ: ਇਲਾਕੇ ਵਿੱਚੋਂ ਚੋਰੀ ਹੋਈਆਂ ਮੱਝਾਂ ਅਤੇ ਦਰਜਨਾਂ ਪਿੰਡਾਂ ’ਚੋਂ ਝੋਟੇ ਲਾਪਤਾ ਹੋਣ ਦਾ ਮਾਮਲਾ ਨੂਰਪੁਰ ਬੇਦੀ ਪੁਲੀਸ ਵੱਲੋਂ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਅੱਜ ਐੱਸਆਈਟੀ ਦੇ ਮੈਂਬਰ ਤੇ ਇੰਸਪੈਕਟਰ ਮਨਫੂਲ ਸਿੰਘ ਅਤੇ ਥਾਣਾ ਮੁਖੀ ਨੂਰਪੁਰ ਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਸਮੀਰੋਵਾਲ ਤੋਂ ਕਿਸਾਨ ਨਿਗਾਹੀ ਰਾਮ ਦੀਆਂ ਤਿੰਨ ਮੱਝਾਂ ਚੋਰੀ ਕਰ ਲਈਆਂ ਗਈਆਂ ਸਨ। ਇਸ ਕੇਸ ਵਿੱਚ ਬਲਜੀਤ ਸਿੰਘ, ਅਮਰੀਕ ਸਿੰਘ, ਸੁਖਚੈਨ ਸਿੰਘ, ਨਿੱਕਾ ਮੁਕਤਸਰ, ਮੁਹੰਮਤ ਨਸੀਰ ਅਤੇ ਸਈਦ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰਾਨ ਚੋਰ ਗਰੋਹ ਦੇ ਛੇ ਮੈਂਬਰਾਂ ’ਚੋਂ ਤਿੰਨ ਹਿਮਾਚਲ ਪ੍ਰਦੇਸ਼ ਦੇ ਕਸਬਾ ਅੰਬ ਦੀ ਪੁਲੀਸ ਦੇ ਅੜਿੱਕੇ ਆ ਗਏ। ਪੁਲਸ ਨੇ ਤਫਤੀਸ ਦੌਰਾਨ 70 ਹਜ਼ਾਰ ਰੁਪਏ ਦੀ ਨਗਦ ਰਕਮ ਅਤੇ ਤਿੰਨ ਮੱਝਾਂ ਬਰਾਮਦ ਕੀਤੀਆਂ ਹਨ। ਮੋਰਚੇ ਦੇ ਆਗੂ ਗੌਰਵ ਰਾਣਾ, ਦਵਿੰਦਰ ਬਜਾੜ ਨੇ ਪੁਲੀਸ ਦੀ ਜਾਂਚ ’ਤੇ ਤਸੱਲੀ ਪ੍ਰਗਟਾਈ ਹੈ। -ਪੱਤਰ ਪ੍ਰੇਰਕ