ਨਵੀਂ ਦਿੱਲੀ, 9 ਸਤੰਬਰ
ਕਾਂਗਰਸ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਇਸ ਟਿੱਪਣੀ ਕਿ ਹੁੱਡਾ ਪਰਿਵਾਰ ਨੇ ਪਹਿਲਵਾਨਾਂ ਨੂੰ ਠੀਕ ਉਸੇ ਤਰ੍ਹਾਂ ਬਾਜ਼ੀ ਵਜੋਂ ਵਰਤਿਆ ਜਿਵੇਂ ਪਾਂਡਵਾਂ ਨੇ ਦਰੋਪਦੀ ਨੂੰ ਦਾਅ ’ਤੇ ਲਾਇਆ ਸੀ, ਨੂੰ ਬਹੁਤ ‘ਭਿਆਨਕ’ ਕਰਾਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਜੇ ਅਜਿਹੇ ਅਨਸਰਾਂ ਨੂੰ ਸੱਤਾਧਾਰੀ ਪਾਰਟੀ ਵਿਚ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤਾਂ ਅਸੀਂ ਦੇਸ਼ ਵਿਚ ਮਹਿਲਾਵਾਂ ਦੀ ਸੁਰੱਖਿਆ ਦੀ ਆਸ ਕਿਵੇਂ ਕਰ ਸਕਦੇ ਹਾਂ। ਚੇਤੇ ਰਹੇ ਕਿ ਛੇ ਮਹਿਲਾ ਪਹਿਲਵਾਨਾਂ ਨੇ ਪਿਛਲੇ ਸਾਲ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ ਤੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਸਣੇ ਹੋਰਨਾਂ ਪਹਿਲਵਾਨਾਂ ਨੇ ਕਈ ਦਿਨਾਂ ਤੱਕ ਜੰੰਤਰ-ਮੰਤਰ ’ਤੇ ਧਰਨਾ ਦਿੱਤਾ ਸੀ।
ਉਨ੍ਹਾਂ ਐਤਵਾਰ ਨੂੰ ਯੂਪੀ ਦੇ ਗੌਂਡਾ ਵਿਚ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘ਮਹਾਭਾਰਤ ਵਿਚ ਖੇਡੇ ਜੂਏ ਦੌਰਾਨ ਦਰੋਪਦੀ ਨੂੰ ਦਾਅ ’ਤੇ ਲਾਇਆ ਗਿਆ ਸੀ ਤੇ ਪਾਂਡਵ ਹਾਰ ਗਏ ਸਨ। ਦੇਸ਼ ਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਪਾਂਡਵਾਂ ਨੇ ਅਜਿਹਾ ਕਿਉਂ ਕੀਤਾ ਸੀ। ਹੁੱਡਾ ਪਰਿਵਾਰ ਨੇ ਧੀਆਂ ਤੇ ਭੈਣਾਂ ਦੇ ਮਾਣ ਸਤਿਕਾਰ ਨੂੰ ਦਾਅ ’ਤੇ ਲਾਇਆ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਇਸ ਲਈ ਮੁਆਫ਼ ਨਹੀਂ ਕਰਨਗੀਆਂ। ਬਜਰੰਗ ਪੂਨੀਆ ਦੀ ਦਿਮਾਗੀ ਹਾਲਤ ਵਿਗੜ ਚੁੱਕੀ ਹੈ। ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਕੀਤੀਆਂ ਟਿੱਪਣੀਆਂ ਭਿਆਨਕ ਹਨ।’ -ਪੀਟੀਆਈ