ਪੱਤਰ ਪ੍ਰੇਰਕ
ਚੰਡੀਗੜ੍ਹ, 9 ਸਤੰਬਰ
ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਸੈਕਟਰ-32, ਚੰਡੀਗੜ੍ਹ ਦਾ 33ਵਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ। ਕਾਲਜ ਦੇ ਆਡੀਟੋਰੀਅਮ ਵਿੱਚ ਕਰਵਾਏ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਵਾਗਤੀ ਭਾਸ਼ਣ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਏਕੇ ਅੱਤਰੀ ਨੇ ਦਿੱਤਾ। ਉਨ੍ਹਾਂ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਤੇ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ।
ਮੁੱਖ ਮਹਿਮਾਨ ਕਟਾਰੀਆ ਨੇ ਸਾਲ 2024 ਲਈ ਕਾਲਜ ਮੈਗਜ਼ੀਨ ਜਾਰੀ ਕੀਤਾ ਅਤੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਮੈਡੀਕਲ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।
ਜੀਐਮਸੀਐਚ ਤੋਂ ਐਮਬੀਬੀਐਸ (2018) ਪਾਸ ਕਰ ਚੁੱਕੇ ਡਾ. ਵੈਭਵ ਗਰਗ ਦਾ ਵੀ ਸਨਮਾਨ ਕੀਤਾ ਗਿਆ ਜਿਸ ਨੇ ਭਾਰਤ ਵਿੱਚ ਪੀਜੀਐਨਈਈਟੀ-2024 ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ। ਵੱਖ-ਵੱਖ ਪੈਰਾ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ।
ਪਿਛਲੇ ਇੱਕ ਸਾਲ ਵਿੱਚ ਸ਼ਾਨਦਾਰ ਖੋਜ ਕਰਨ ਵਾਲੇ ਕਈ ਫੈਕਲਟੀ ਮੈਂਬਰਾਂ ਵਿਸ਼ੇਸ਼ ਤੌਰ ’ਤੇ ਡਾ. ਵਰਸ਼ਾ ਗੁਪਤਾ, ਡਾ. ਲਿਪਿਕਾ ਗੌਤਮ, ਡਾ. ਮੋਨਿਕਾ ਗੁਪਤਾ, ਡਾ. ਕਿਰਨ ਪ੍ਰਕਾਸ਼ ਅਤੇ ਡਾ. ਸੋਨੀਆ ਪੁਰੀ ਨੂੰ ਵੀ ਸਨਮਾਨਿਆ ਗਿਆ।
ਪ੍ਰਸ਼ਾਸਕ ਨੇ ਜੀਐਮਸੀਐਚ ਦੇ ਸਾਰੇ ਸਾਬਕਾ ਫੈਕਲਟੀ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਜੀਐਮਸੀਐਚ ਦੇ ਵਿਕਾਸ ਅਤੇ ਤਰੱਕੀ ਵਿੱਚ ਮਦਦ ਲਈ ਨੌਜਵਾਨ ਡਾਕਟਰਾਂ ਨੂੰ ਅੱਗੇ ਆਉਣ ਲਈ ਕਿਹਾ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਤੇ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਅਜੈ ਚਗਤੀ ਵੀ ਮੌਜੂਦ ਸਨ। ਇਸ ਤੋਂ ਬਾਅਦ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।