ਨਵੀਂ ਦਿੱਲੀ:
ਦਿੱਲੀ ਆਬਕਾਰੀ ਨੀਤੀ ਕੇਸ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਅੱਜ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਅਤੇ ‘ਆਪ’ ਵਾਲੰਟੀਅਰ ਚਨਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਈਡੀ ਵੱਲੋਂ ਕੀਤੀ ਜਾਂਚ ਤਹਿਤ ਦੋਵੇਂ ਮੁਲਜ਼ਮਾਂ ਨੇ ਜ਼ਮਾਨਤ ਲਈ ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਦੋਹਾਂ ਨੂੰ ਜ਼ਮਾਨਤ ਦੇ ਦਿੱਤੀ। ਈਡੀ ਅਤੇ ਸੀਬੀਆਈ ਮੁਤਾਬਕ 2021-22 ਦੀ ਦਿੱਲੀ ਆਬਕਾਰੀ ਨੀਤੀ ’ਚ ਫੇਰਬਦਲ ਕਰਕੇ ਨੇਮਾਂ ਨੂੰ ਛਿੱਕੇ ਟੰਗਦਿਆਂ ਲਾਇਸੈਂਸਧਾਰਕਾਂ ਨੂੰ ਲਾਭ ਦਿੱਤੇ ਗਏ ਸਨ। ਈਡੀ ਨੇ ਚਨਪ੍ਰੀਤ ਸਿੰਘ ਨੂੰ 12 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ‘ਆਪ’ ਲਈ 2022 ’ਚ ਗੋਆ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਾਸਤੇ ਨਕਦੀ ਦਾ ਪ੍ਰਬੰਧ ਕੀਤਾ ਸੀ। ਮਹੇਂਦਰੂ ਨੂੰ 28 ਸਤੰਬਰ, 2022 ’ਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਦੋਸ਼ ਲਾਇਆ ਹੈ ‘ਦੱਖਣ ਦੇ ਗਰੁੱਪ’ ਨੇ ਦਿੱਲੀ ’ਚ ਸ਼ਰਾਬ ਦਾ ਕਾਰੋਬਾਰ ਫੈਲਾਉਣ ਲਈ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਹ ਪੈਸਾ ਗੋਆ ਚੋਣ ਪ੍ਰਚਾਰ ’ਚ ਵਰਤਿਆ ਗਿਆ ਸੀ। -ਪੀਟੀਆਈ