ਦਮਸ਼ਕ, 9 ਸਤੰਬਰ
ਇਜ਼ਰਾਈਲ ਵੱਲੋਂ ਸੀਰੀਆ ’ਤੇ ਬੀਤੀ ਰਾਤ ਕੀਤੇ ਹਮਲਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ। ਹਮਲਿਆਂ ’ਚ 43 ਵਿਅਕਤੀ ਜ਼ਖ਼ਮੀ ਹੋਏ ਹਨ। ਇਜ਼ਰਾਈਲ ਨੇ ਐਤਵਾਰ ਦੇਰ ਰਾਤ ਮੱਧ ਸੀਰੀਆ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ਸਨਾ ਨੇ ਕਿਹਾ ਕਿ ਹਮਲੇ ’ਚ ਹਾਮਾ ਪ੍ਰਾਂਤ ’ਚ ਇਕ ਹਾਈਵੇਅ ਨੁਕਸਾਨਿਆ ਗਿਆ ਅਤੇ ਅੱਗ ਲੱਗ ਗਈ।
ਪੱਛਮੀ ਹਮਾਸ ਸੂਬੇ ਦੇ ਮੇਯਸਾਫ਼ ਨੈਸ਼ਨਲ ਹਸਪਤਾਲ ਨੇ ਸ਼ੁਰੂ ’ਚ ਮ੍ਰਿਤਕਾਂ ਦੀ ਗਿਣਤੀ ਚਾਰ ਦੱਸੀ ਸੀ। ਖ਼ਬਰ ਏਜੰਸੀ ਸਨਾ ਨੇ ਹਸਪਤਾਲ ਦੇ ਮੁਖੀ ਫ਼ੈਸਲ ਹੈਦਰ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਇਲੀ ਹਮਲੇ ’ਚ 18 ਵਿਅਕਤੀ ਮਾਰੇ ਗਏ ਅਤੇ 43 ਹੋਰ ਜ਼ਖ਼ਮੀ ਹੋਏ ਹਨ। ਮਨੁੱਖੀ ਹੱਕਾਂ ਬਾਰੇ ਸੀਰੀਆ ਦੀ ਜਥੇਬੰਦੀ ਨੇ ਕਿਹਾ ਕਿ ਮ੍ਰਿਤਕਾਂ ’ਚ ਚਾਰ ਆਮ ਨਾਗਰਿਕ ਹਨ। ਜਾਣਕਾਰੀ ਮੁਤਾਬਕ ਇਕ ਹਮਲਾ ਮੇਯਸਾਫ਼ ਦੇ ਵਿਗਿਆਨਕ ਖੋਜ ਕੇਂਦਰ ’ਤੇ ਹੋਇਆ, ਜਦਕਿ ਬਾਕੀ ਦੇ ਹਮਲੇ ਇਰਾਨੀ ਮਿਲੀਸ਼ੀਆ ਅਤੇ ਮਾਹਿਰਾਂ ’ਤੇ ਹੋਏ ਜੋ ਸੀਰੀਆ ’ਚ ਹਥਿਆਰ ਵਿਕਸਤ ਕਰ ਰਹੇ ਸਨ। ਇਜ਼ਰਾਇਲੀ ਫੌਜ ਨੇ ਸੀਰੀਆ ’ਤੇ ਹਮਲਿਆਂ ਬਾਰੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। -ਏਪੀ