ਸੂਰਤ, 9 ਸਤੰਬਰ
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਗਣਪਤੀ ਸਮਾਗਮ ਦੌਰਾਨ ਕੁਝ ਨਾਬਾਲਗਾਂ ਨੇ ਪੰਡਾਲ ਵੱਲ ਪੱਥਰ ਸੁੱਟੇ, ਜਿਸ ਕਾਰਨ ਭਗਵਾਨ ਗਣੇਸ਼ ਦੀ ਮੂਰਤੀ ਨੁਕਸਾਨੀ ਗਈ। ਇਸ ਤੋਂ ਬਾਅਦ ਹਿੰਸਾ ਭੜਕ ਗਈ ਜਿਸ ਕਾਰਨ ਕੁਝ ਵਿਅਕਤੀ ਤੇ ਪੁਲੀਸ ਵਾਲੇ ਜ਼ਖਮੀ ਹੋ ਗਏ। ਇਹ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਨਾਬਾਲਗ ਦੀ ਉਮਰ 12 ਤੋਂ 13 ਸਾਲਾਂ ਦਰਮਿਆਨ ਹੈ।
ਇਹ ਘਟਨਾ ਸਈਦਪੁਰਾ ਇਲਾਕੇ ਵਿਚ ਬੀਤੀ ਦੇਰ ਰਾਤ ਵਾਪਰੀ। ਪੁਲੀਸ ਨੇ ਇਸ ਸਬੰਧ ਵਿਚ ਛੇ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਵੱਡੀ ਗਿਣਤੀ ਲੋਕ ਲਾਲਗੇਟ ਪੁਲੀਸ ਥਾਣੇ ਬਾਹਰ ਇਕੱਠੇ ਹੋਏ ਤੇ ਉਨ੍ਹਾਂ ਆਪਣੇ ਭਾਈਚਾਰੇ ਦੇ ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਰੋਧ ਕੀਤਾ। ਪੁਲੀਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਇਕ ਦੂਜੇ ’ਤੇ ਪਥਰਾਅ ਕੀਤਾ ਗਿਆ ਜਿਸ ਨਾਲ ਪੁਲੀਸ ਮੁਲਾਜ਼ਮ ਤੇ ਕੁਝ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇੱਕ ਸਮੂਹ ਨੇ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਖੇਤਰ ਵਿੱਚ ਖੜ੍ਹੇ ਦੋ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਸਬੰਧ ਵਿਚ ਹੁਣ ਤੱਕ 28 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਛੇ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਇਨ੍ਹਾਂ ਘਟਨਾਵਾਂ ਸਬੰਧੀ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ। ਸ੍ਰੀ ਗਹਿਲੋਤ ਨੇ ਕਿਹਾ ਕਿ ਪੁਲੀਸ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। -ਪੀਟੀਆਈ