ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਸਤੰਬਰ
ਕਰੀਬ ਡੇਢ ਮਹੀਨੇ ਤੋਂ ਬੇਸਿਕ ਪ੍ਰਾਇਮਰੀ ਸਕੂਲ ਦੇ ਤਿੰਨ ਕਮਰਿਆਂ ’ਤੇ ਹੋਮਗਾਰਡ ਦੇ ਕਬਜ਼ੇ ਦਾ ਮਾਮਲਾ ਭਖਿਆ ਹੋਇਆ ਹੈ ਅਤੇ ਇਨ੍ਹਾਂ ਕਮਰਿਆਂ ਨੂੰ ਛੁਡਾਉਣ ਲਈ ਇੱਕ ਵਫ਼ਦ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲਿਆ। ਇਹ ਮੁੱਦਾ ਚੁੱਕਣ ਵਾਲੇ ਜੋਗਿੰਦਰ ਆਜ਼ਾਦ ਸਮੇਤ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਧਾਇਕਾ ਨੂੰ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੁਝ ਸਾਲਾਂ ਤੋਂ ਹੋਮਗਾਰਡ ਦਫ਼ਤਰ ਇਨ੍ਹਾਂ ਸਕੂਲੀ ਕਮਰਿਆਂ ’ਚੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਹੋਰ ਦੇਰੀ ਕੀਤਿਆਂ ਇਹ ਦਫ਼ਤਰ ਤਬਦੀਲ ਕਰ ਕੇ ਉਕਤ ਕਮਰੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਪੁਰਦ ਕੀਤੇ ਜਾਣ। ਵਫ਼ਦ ਮੁਤਾਬਕ ਸਕੂਲ ’ਚ 375 ਗਰੀਬ ਵਰਗ ਦੇ ਵਿਦਿਆਰਥੀ ਹਨ। ਇੱਕ ਕਮਰੇ ’ਚ ਦੋ-ਦੋ ਸ਼ੈਕਸ਼ਨ ਬੈਠਦੇ ਹਨ। ਦਫ਼ਤਰ ਲਈ ਵੀ ਥਾਂ ਨਹੀਂ। ਵਿਦਿਆਰਥੀਆਂ ਦੇ ਬੈਠਣ ਲਈ ਕੇਵਲ ਸੱਤ ਕਮਰੇ ਹਨ। ਦੂਜੇ ਪਾਸੇ ਇਸ ਇਮਾਰਤ ਦੇ ਇੱਕ ਹਿੱਸੇ ’ਤੇ ਕਾਬਜ਼ ਦਫ਼ਤਰ ’ਚ ਤਿੰਨ ਚਾਰ ਕਰਮਚਾਰੀ ਹੀ ਕੰਮ ਕਰਦੇ ਹਨ। ਸੰਘਰਸ਼ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਅਧਿਕਾਰੀਆਂ ਨੂੰ ਲਿਖੇ ਪੱਤਰ ਦਾ ਹਵਾਲਾ ਦਿੱਤਾ। ਵਿਧਾਇਕਾ ਮਾਣੂੰਕੇ ਨੇ ਇਸ ਬਾਰੇ ਹੈਰਾਨੀ ਪ੍ਰਗਟਾਈ ਅਤੇ ਜਲਦ ਮੌਕਾ ਦੇਖਣ ਦੀ ਵਫ਼ਦ ਦੀ ਅਪੀਲ ਵੀ ਸਵੀਕਾਰੀ। ਉਨ੍ਹਾਂ ਭਰੋਸਾ ਦਿਵਾਇਆ ਕਿ ਮਸਲੇ ਦਾ ਹੱਲ ਜਲਦ ਕੀਤਾ ਜਾਵੇਗਾ।
ਦੂਜੇ ਪਾਸੇ ਸੰਘਰਸ਼ ਕਮੇਟੀ ਨੇ ਪੰਦਰਾਂ ਦਿਨ ਦਾ ਅਲਟੀਮੇਟਮ ਦਿੱਤਾ ਅਤੇ ਮੰਗ ਪੂਰੀ ਨਾ ਹੋਣ ’ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ। ਵਿਧਾਇਕਾ ਮਾਣੂੰਕੇ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਇਸ ਮੌਕੇ ਫੋਨ ’ਤੇ ਗੱਲ ਕੀਤੀ। ਇਸ ਉਪਰੰਤ ਭਰੋਸਾ ਦਿਵਾਇਆ ਕਿ ਉਹ ਅਧਿਕਾਰੀਆਂ ਨੂੰ ਮਿਲ ਕੇ ਕਮਰੇ ਖਾਲੀ ਕਰਨ ਦੇ ਕਾਰਜ ਨੂੰ ਪੂਰਾ ਕਰਨਗੇ। ਵਫ਼ਦ ਵਿੱਚ ਜੋਗਿੰਦਰ ਆਜ਼ਾਦ ਤੋਂ ਇਲਾਵਾ ਗੁਰਮੇਲ ਸਿੰਘ, ਅਸ਼ੋਕ ਭੰਡਾਰੀ, ਮਲਕੀਤ ਸਿੰਘ, ਬਲਦੇਵ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਰਮੇਸ਼ ਕੁਮਾਰ ਤੇ ਜਗਦੀਸ਼ਪਾਲ ਮਹਿਤਾ ਸ਼ਾਮਲ ਸਨ।