ਰਵਿੰਦਰ ਸੂਦ
ਪਾਲਮਪੁਰ, 9 ਸਤੰਬਰ
ਕੁਦਰਤ ਦੀ ਗੋਦ ਵਿੱਚ ਵਸੇ ਅਤੇ ਈਕੋ-ਟੂਰਿਜ਼ਮ, ਧਿਆਨ ਲਾਉਣ ਤੇ ਅਧਿਆਤਮਕ ਅਧਿਐਨਾਂ ਦਾ ਕੇਂਦਰ ਪਿੰਡ ਬੀੜ ਬਿਲਿੰਗ ਰੋਮਾਂਚ ਲਈ ਤਿਆਰ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ 15 ਸਤੰਬਰ ਤੋਂ ਹਰ ਤਰ੍ਹਾਂ ਦੀ ਪੈਰਾਗਲਾਈਡਿੰਗ ਗਤੀਵਿਧੀ ਤੋਂ ਪਾਬੰਦੀ ਹਟਾ ਦਿੱਤੀ ਹੈ। ਵੱਡੇ ਸ਼ਹਿਰਾਂ ਅਤੇ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ ਦੇ ਭੀੜ-ਭੜੱਕੇ ਤੋਂ ਦੂਰ ਬੀੜ ਬਿਲਿੰਗ ਮੰਡੀ ਜ਼ਿਲ੍ਹੇ ਦੇ ਪੱਛਮ ਵਿੱਚ ਸਥਿਤ ਹੈ ਅਤੇ ਆਪਣੀ ਕੁਦਰਤੀ ਸੁਹੱਪਣ ਲਈ ਮਸ਼ਹੂਰ ਹੈ। ਇਹ ਦੁਨੀਆਂ ਦੇ ਉਨ੍ਹਾਂ ਘੱਟ ਮਸ਼ਹੂਰ ਰੋਮਾਂਚਕ ਸਥਾਨਾਂ ਵਿੱਚੋਂ ਇੱਕ ਹੈ, ਜੋ ਰੋਮਾਂਚ ਦੇ ਸ਼ੌਕੀਨਾਂ ਦੇ ਨਾਲ-ਨਾਲ ਯਾਤਰੀਆਂ ਨੂੰ ਮਨ ਦੀ ਸ਼ਾਂਤੀ ਦਿੰਦਾ ਹੈ। ਸਰਕਾਰ ਨੇ ਕਿਸੇ ਵੀ ਹਾਦਸੇ ਤੋਂ ਬਚਣ ਲਈ ਇਸ ਸਾਲ ਜੁਲਾਈ ਵਿੱਚ ਮੌਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੀ ਪੈਰਾਗਲਾਈਡਿੰਗ ’ਤੇ ਪਾਬੰਦੀ ਲਾ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਕੁੱਝ ਸੁਰੱਖਿਆ ਹਦਾਇਤਾਂ ਜਾਰੀ ਕਰਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀੜ ਬਿਲਿੰਗ ਵਿੱਚ ਪੈਰਾਗਲਾਈਡਿੰਗ ਗਤੀਵਿਧੀਆਂ ਬਹਾਲ ਕੀਤੀਆਂ ਜਾਣਗੀਆਂ। ਪੈਰਾਗਲਾਈਡਿੰਗ ’ਤੇ ਪਾਬੰਦੀ ਲਾਏ ਜਾਣ ਮਗਰੋਂ ਜ਼ਿਆਦਾਤਰ ਹੋਟਲ ਅਤੇ ਹੋਮਸਟੇਅ ਵੀਰਾਨ ਨਜ਼ਰ ਆ ਰਹੇ ਸਨ। ਬੀੜ ਬਿਲਿੰਗ ਸ਼ਾਇਦ ਏਸ਼ੀਆ ਦੀ ਸਭ ਤੋਂ ਬਿਹਤਰੀਨ ਪੈਰਾਗਲਾਈਡਿੰਗ ਥਾਂ ਹੈ ਅਤੇ ਇਸ ਨੂੰ ਦੁਨੀਆਂ ਦੀਆਂ ਸਭ ਤੋਂ ਬਿਹਤਰੀਨ ਥਾਵਾਂ ਵਿੱਚ ਵੀ ਗਿਣਿਆ ਜਾਂਦਾ ਹੈ।