ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 9 ਸਤੰਬਰ
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ, ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤਾ। ਇਸ ਮੌਕੇ ਵਿਖੇ ‘ਆਮ ਆਦਮੀ ਪਾਰਟੀ’ ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ, ਚੇਅਰਮੈਨ ਮਾਰਕੀਟ ਕਮੇਟੀ ਸੁਰਜੀਤ ਸਿੰਘ, ਪ੍ਰਧਾਨ ਟਰੱਕ ਯੂਨੀਅਨ ਸੁਖਜਿੰਦਰ ਸਿੰਘ ਬਬਲੂ ਬਰਾੜ, ਉਪਕਾਰ ਸਿੰਘ, ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਅਤੇ ਕੋਚ ਵੀ ਮੌਜੂਦ ਸਨ। ਇਸ ਮੌਕੇ ਕਾਕਾ ਬਰਾੜ ਨੇ ਨੌਜਵਾਨਾਂ ਨੂੰ ਖੇਡਾਂ ਦਾ ਰਾਹ ਅਪਣਾਕੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਪਹਿਲੇ ਦਿਨ ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ (ਸ਼ੂਟਿੰਗ/ਸਮੈਸ਼ਿੰਗ), ਖੋ-ਖੋ, ਕਬੱਡੀ (ਸਰਕਲ/ਨੈਸ਼ਨਲ), ਅਥਲੈਟਿਕਸ, ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ।
ਫ਼ਿਰੋਜ਼ਪੁਰ ’ਚ ਵਿਧਾਇਕ ਸਰਾਰੀ ਨੇ ਖੇਡ ਮੁਕਾਬਲੇ ਸ਼ੁਰੂ ਕਰਵਾਏ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਤਿੰਨ ਥਾਈਂ ਬਲਾਕ ਜ਼ੀਰਾ, ਘੱਲ ਖੁਰਦ ਅਤੇ ਗੁਰੂਹਰਸਹਾਏ ਵਿੱਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਬਲਾਕ ਗੁਰੂਹਰਸਹਾਏ ਦੇ ਖੇਡ ਮੁਕਾਬਲਿਆਂ ਵਿੱਚ ਵਿਧਾਇਕ ਫੌਜਾ ਸਿੰਘ ਸਰਾਰੀ, ਜ਼ੀਰਾ ਵਿੱਚ ਵਿਧਾਇਕ ਨਰੇਸ਼ ਕਟਾਰੀਆ ਅਤੇ ਘੱਲ ਖੁਰਦ ਦੇ ਖੇਡ ਮੁਕਾਬਲਿਆਂ ਵਿੱਚ ਰਜਿਸਟਰਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਗਜ਼ਲਪ੍ਰੀਤ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਬਲਾਕ ਜ਼ੀਰਾ ’ਚ ਵੀ ਖੇਡਾਂ ਦੀ ਸ਼ੁਰੂਆਤ
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਤਿੰਨ ਤਹਿਤ ਬਲਾਕ ਜ਼ੀਰਾ ’ਚ ਖੇਡਾਂ ਦੀ ਸ਼ੁਰੂਆਤ ਅੱਜ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿੱਚ ਐੱਸਡੀਐੱਮ ਜ਼ੀਰਾ ਗੁਰਮੀਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਈ ਗਈ। ਸਮਾਮਗ ਦਾ ਉਦਘਾਟਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ। ਇਸ ਮੌਕੇ ਮਾਸਟਰ ਨਵੀਨ ਸਚਦੇਵਾ, ਦਵਿੰਦਰ ਸਿੰਘ, ਡੀਪੀ ਪਰਮਜੀਤ ਸਿੰਘ, ਬਲਜਿੰਦਰ ਸਿੰਘ ਗਿੱਲ, ਧਰਮਪਾਲ ਚੁੱਘ, ਨਰਿੰਦਰ ਕੁਮਾਰ ਈਓ ਮਖੂ ਹਾਜ਼ਰ ਸਨ ।