ਮੰਗਲੂਰੂ:
ਓਲੰਪੀਅਨ ਸ੍ਰੀਹਰੀ ਨਟਰਾਜ, ਫ੍ਰੀਸਟਾਈਲ ਮਾਹਿਰ ਅਨੀਸ਼ ਗੌੜਾ ਅਤੇ ਹਰਸ਼ਿਤਾ ਜੈਰਾਮ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ 77ਵੀਂ ਸੀਨੀਅਰ ਕੌਮੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਤੈਰਾਕਾਂ ਵਿੱਚ ਸ਼ਾਮਲ ਹੋਣਗੇ। ਇਹ ਟੂਰਨਾਮੈਂਟ 13 ਸਤੰਬਰ ਨੂੰ ਸਮਾਪਤ ਹੋਵੇਗਾ ਪਰ ਭਾਰਤੀ ਤੈਰਾਕਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ 2028 ਲਾਸ ਏਂਜਲਸ ਓਲੰਪਿਕ ਲਈ ‘ਏ’ ਕੁਆਲੀਫਿਕੇਸ਼ਨ ਮਾਰਕ ਦਾਅ ’ਤੇ ਲੱਗਿਆ ਹੋਵੇਗਾ। ਕਰਨਾਟਕ ਇਸ ਮੁਕਾਬਲੇ ਦਾ ਡਿਫੈਂਡਿੰਗ ਚੈਂਪੀਅਨ ਹੈ, ਜਿਸ ਵਿੱਚ 31 ਰਾਜਾਂ ਦੇ 500 ਤੋਂ ਵੱਧ ਤੈਰਾਕ ਹਿੱਸਾ ਲੈਣਗੇ। ਹਾਲ ਹੀ ਵਿੱਚ ਪੈਰਿਸ ਓਲੰਪਿਕ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਨਟਰਾਜ ਨੇ ਕਿਹਾ ਕਿ ਉਹ ਇਸ ਮੁਕਾਬਲੇ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ। 50 ਮੀਟਰ, 100 ਮੀਟਰ ਅਤੇ 200 ਮੀਟਰ ਬੈਕਸਟ੍ਰੋਕ ਵਿੱਚ ਕੌਮੀ ਰਿਕਾਰਡਧਾਰਕ ਨਟਰਾਜ ਨੇ ਕਿਹਾ, ‘ਮੈਂ ਆਪਣੇ ਸਰਵੋਤਮ ਪ੍ਰਦਰਸ਼ਨ ਦੀ ਉਡੀਕ ਕਰ ਰਿਹਾ ਹਾਂ ਅਤੇ ਮੈਂ ਆਪਣੇ ਸਾਰੇ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰਾਂਗਾ।’ ਭਾਰਤੀ ਤੈਰਾਕੀ ਫੈਡਰੇਸ਼ਨ ਦੇ ਜਨਰਲ ਸਕੱਤਰ ਮੋਨਾਲ ਚੋਕਸ਼ੀ ਨੇ ਕਿਹਾ, ‘ਮੈਨੂੰ ਭਰੋਸਾ ਹੈ ਕਿ ਭਾਰਤੀ ਤੈਰਾਕ ਕੌਮਾਂਤਰੀ ਮੁਕਾਬਲੇ ਦਾ ਲਾਹਾ ਲੈਣਗੇ ਅਤੇ ਪਿਛਲੇ ਸਾਲ ਦੇ ਪ੍ਰਦਰਸ਼ਨ ਤੋਂ ਹੋਰ ਬਿਹਤਰ ਕਰਨਗੇ।’ ਪਹਿਲੇ ਦਿਨ 400 ਮੀਟਰ ਫ੍ਰੀਸਟਾਈਲ, 200 ਮੀਟਰ ਬ੍ਰੀਸਟ ਸਟ੍ਰੋਕ, ਨਟਰਾਜ ਦੇ ਪਸੰਦੀਦਾ ਮੁਕਾਬਲੇ 100 ਮੀਟਰ ਬੈਕਸਟ੍ਰੋਕ, 50 ਮੀਟਰ ਬਟਰਫਲਾਈ ਅਤੇ 4×100 ਮੀਟਰ ਮੇਡਲੇ ਰਿਲੇਅ ਮੁਕਾਬਲੇ ਹੋਣਗੇ। -ਪੀਟੀਆਈ