ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਸਤੰਬਰ
ਪੰਜਾਬ ਸਰਕਾਰ ਨੇ ਬਾਇਓ ਗੈਸ ਫੈਕਟਰੀਆਂ ਬੰਦ ਕਰਵਾਉਣ ਲਈ ਬਣਾਈ ਤਾਲਮੇਲ ਕਮੇਟੀ ਨੂੰ 11 ਸਤੰਬਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਹੈ, ਜਿਸ ਮਗਰੋਂ ਤਾਲਮੇਲ ਕਮੇਟੀ ਨੇ ਦਿੱਲੀ-ਅੰਮ੍ਰਿਤਸਰ ਮਾਰਗ ’ਤੇ ਭਲਕੇ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਦੋ ਦਿਨ ਲਈ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧੀ ਅੱਜ ਬੱਚਤ ਭਵਨ ਵਿੱਚ ਪੰਜਾਬ ਸਰਕਾਰ ਵੱਲੋਂ ਡੀਜੀਪੀ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜਗਰਾਉਂ ਤੇ ਖੰਨਾ ਦੇ ਪੁਲੀਸ ਮੁਖੀਆਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਤਾਲਮੇਲ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਤਾਲਮੇਲ ਕਮੇਟੀ ਵੱਲੋਂ ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਭਰ ਦੇ ਪਿੰਡਾਂ ’ਚ ਆਮ ਜਨਜੀਵਨ, ਵਾਤਾਵਰਨ, ਖੇਤੀ ਅਤੇ ਸਿਹਤ ਨੂੰ ਬਰਬਾਦ ਕਰਨ ਵਾਲੀਆਂ ਫ਼ੈਕਟਰੀਆਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।