ਜੋਗਿੰਦਰ ਸਿੰਘ ਮਾਨ
ਮਾਨਸਾ, 9 ਸਤੰਬਰ
ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਵਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਅੱਜ ਸ਼ੁਰੂ ਹੋ ਗਈ, ਜਿਸ ਦੌਰਾਨ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ।ਇਸ ਦੌਰਾਨ ਜਿਨ੍ਹਾਂ ਮਰੀਜ਼ਾਂ ਨੂੰ ਹੜਤਾਲ ਬਾਰੇ ਜਾਣਕਾਰੀ ਨਹੀਂ ਸੀ, ਉਹ ਸਮੇਂ ’ਤੇ ਆ ਕੇ ਖੜ੍ਹੇ ਰਹੇ ਅਤੇ ਸਾਰੇ ਹਸਪਤਾਲਾਂ ਵਿੱਚ ਕਾਫੀ ਭੀੜ ਦੇਖੀ ਗਈ। ਡਾਕਟਰਾਂ ਨੇ ਸਰਕਾਰ ਪ੍ਰਤੀ ਆਪਣੀਆਂ ਮੰਗਾਂ ਦੇ ਪੈਂਫਲਟ ਵੰਡ, ਫਲੈਕਸ ਬੈਨਰ ਅਤੇ ਭਾਸ਼ਣਾ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ।
ਐਸੋਸੀਏਸ਼ਨ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਡਾ. ਗੁਰਜੀਵਨ ਸਿੰਘ ਅਤੇ ਸੁਭਮ ਬਾਂਸਲ ਨੇ ਦੱਸਿਆ ਕਿ ਸੁਰੱਖਿਆ ਦੇ ਮੁੱਦੇ ’ਤੇ ਮਹਿਲਾ ਡਾਕਟਰਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਬੀਤੇ ਦਿਨ ਵੀ ਮੁਹਾਲੀ ਵਿੱਚ ਇੱਕ ਗਰਭਵਤੀ ਡਾਕਟਰ ’ਤੇ ਡਿਊਟੀ ਦੌਰਾਨ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫ਼ ਤੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜ਼ਮੀਨੀ ਪੱਧਰ ’ਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਵਾਰ-ਵਾਰ ਮੀਟਿੰਗਾਂ ਵਿੱਚ ਸਮਾਂਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜੇ ਇਸ ਤੋਂ ਬਾਅਦ ਵੀ ਸਰਕਾਰ ਨੇ ਆਪਣਾ ਰਵੱਈਆ ਇਹੀ ਬਣਾਈ ਰੱਖਿਆ ਤਾਂ ਉਨ੍ਹਾਂ ਦੀ ਕਿਸੇ ਵੀ ਗੱਲ ’ਤੇ ਭਰੋਸਾ ਕਰਨਾ ਮੁਸ਼ਕਿਲ ਹੋ ਜਾਵੇਗਾ। ਇਹ ਅੰਦੋਲਨ ਆਪਣੀ ਜਾਇਜ ਪ੍ਰਮੁੱਖ ਮੰਗਾਂ ਮਨਾਉਣ ਤੋਂ ਬਿਨਾਂ ਨਹੀਂ ਰੁਕੇਗਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਤੇ ਹੋਰ ਮੰਗਾਂ ਲਈ ਪੰਜਾਬ ਭਰ ਵਿੱਚ ਤਿੰਨ ਘੰਟਿਆਂ ਲਈ ਓਪੀਡੀ ਸੇਵਾਵਾਂ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸਨ ਕੀਤਾ ਗਿਆ।
ਇਸ ਦੌਰਾਨ ਮਰੀਜ ਖੱਜਲ ਖ਼ੁਆਰ ਹੁੰਦੇ ਰਹੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ. ਗਗਨਦੀਪ ਸਿੰਘ, ਡਾ. ਚਰਨਪ੍ਰੀਤ ਸਿੰਘ, ਡਾ. ਗੁਰਵਰਿੰਦਰ ਸਿੰਘ, ਡਾ. ਗੌਤਮਵੀਰ ਸੋਢੀ, ਡਾ. ਸਿਮਰਤ ਕੌਰ ਖੋਸਾ, ਡਾ. ਜਸਪ੍ਰਤੀ ਕੌਰ ਡਾ. ਕਮਲ ਨੇ ਕਿਹਾ ਕਿ ਉਹ 9 ਤੋਂ 11 ਸਤੰਬਰ ਤੱਕ ਤਿੰਨ ਦਿਨਾਂ ਲਈ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖ ਕੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਕਿ ਉਹ ਡਾਕਟਰਾਂ ਦੀ ਸੁਰੱਖਿਆ ਤੇ ਹੋਰ ਮੰਗਾਂ ਲਈ ਸਰਕਾਰ ਤੱਕ ਆਪਣੀ ਅਵਾਜ ਪਹੁੰਚਾਉਣ ਲਈ ਇਹ ਹੜਤਾਲ ਕਰ ਰਹੇ ਹਨ।
ਦੋਦਾ (ਜਸਵੀਰ ਸਿੰਘ ਭੁੱਲਰ): ਡਾਕਟਰਾਂ ਦੀ 3 ਰੋਜ਼ਾ ਸੂਬਾ ਪੱਧਰੀ ਕੰਮ ਛੋੜ ਹੜਤਾਲ ਦੇ ਪਹਿਲੇ ਦਿਨ ਹੀ ਡਾਕਟਰਾਂ ਵੱਲੋਂ ਸਵੇਰੇ 8 ਤੋਂ 11 ਵਜੇ ਤੱਕ ਕੰਮ ਬੰਦ ਕਰਨ ਕਾਰਨ ਸਰਕਾਰੀ ਹਸਪਤਾਲ ਦੋਦਾ ਵਿੱਚ ਕਈ ਦਰਜਨਾਂ ਮਰੀਜਾਂ ਨੂੰ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ। ਡਾਕਟਰ ਰੌਬਿਨ ਨੇ ਦੱਸਿਆ ਕਿ ਉਨ੍ਹਾਂ ਦੀ ਏਸੀਪੀ ਭਾਵ 4-9-14 ਪ੍ਰਮੋਸ਼ਨ ਦੀ ਮੰਗ ਹੈ। ਜਿਸ ਅਧੀਨ ਵਿਭਾਗ ਵੱਲੋਂ ਉਨ੍ਹਾਂ ਦੀਆਂ ਤਰੱਕੀਆਂ ਰੋਕ ਰੱਖੀਆਂ ਹਨ ਅਤੇ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਮਰੀਜ਼ਾਂ ਦਾ ਕਹਿਣਾ ਸੀ ਕਿ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਦਾ ਹਾਲ ਠੀਕ ਨਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਦੀਆਂ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।