ਪੱਤਰ ਪ੍ਰੇਰਕ
ਮਾਨਸਾ, 9 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੇ ਐਲਾਨ ਹੋਣ ਦੇ ਨਾਲ-ਨਾਲ ਵੋਟਾਂ ਦਾ ਮਾਹੌਲ ਭਖਣ ਲੱਗਿਆ ਹੈ, ਜਿਸ ਲੈਕੇ ਮਾਲਵਾ ਖੇਤਰ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਪੰਜਾਬ ਵਾਲੇ ਪਾਸਿਓਂ ਆਵਾਜਾਈ ’ਤੇ ਹੁਣ ਪੰਜਾਬ ਅਤੇ ਹਰਿਆਣਾ ਦੀ ਪੁਲੀਸ ਨੇ ਸਾਂਝੀ ਗਸ਼ਤ ਆਰੰਭ ਕਰ ਦਿੱਤੀ ਹੈ। ਪੰਜਾਬ ਪੁਲੀਸ ਨੇ ਹਰਿਆਣਾ ਵਾਲੇ ਪਾਸਿਓਂ ਆਉਣ-ਜਾਣ ਵਾਲੇ ਵਾਹਨਾਂ ਦੀ ਬਕਾਇਦਾ ਸਕਰੀਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਅੱਜ ਸਵੇਰ ਤੋਂ ਸ਼ਾਮ ਤੱਕ ਹਰਿਆਣਾ ਦੀ ਹੱਦ ਨੂੰ ਮਿਲਾਉਣ ਵਾਲੇ ਮੁੱਖ ਮਾਰਗਾਂ ਸਮੇਤ ਲਿੰਕ ਸੜਕਾਂ ਉਪਰ ਵੀ ਨਾਕੇਬੰਦੀ ਕਾਇਮ ਰੱਖੀ ਗਈ। ਮਾਨਸਾ ਦੇ ਜ਼ਿਲ੍ਹਾ ਦੇ ਨਾਲ ਹਰਿਆਣਾ ਦੇ ਰਤੀਆ, ਸਿਰਸਾ, ਕਲਿਆਂਵਾਲੀ, ਰਾਣੀਆ ਅਤੇ ਹੋਰ ਵਿਧਾਨ ਸਭਾ ਹਲਕੇ ਲੱਗਦੇ ਹਨ, ਜਿੱਥੋਂ ਦੇ ਸਿਆਸੀ ਲੋਕਾਂ ਨਾਲ ਇਸ ਇਲਾਕੇ ਦੇ ਮੋਹਤਵਰ ਵਿਅਕਤੀਆਂ ਦੇ ਗੂੜੇ ਸਬੰਧ ਹੋਣ ਕਰਕੇ ਲੋਕਾਂ ਦੀ ਆਉਣੀ-ਜਾਣੀ ਕਾਇਮ ਰਹੇਗੀ। ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਨਾਕੇਬੰਦੀ ਦਿਨ-ਰਾਤ ਲਈ ਦੋਨਾਂ ਸੂਬਿਆਂ ਦੀ ਪੁਲੀਸ ਵੱਲੋਂ ਜਾਰੀ ਰਹੇਗੀ।
ਨਸ਼ਾ ਤਸਕਰਾਂ ਦੀ ਭਾਲ ’ਚ ਚਲਾਈ ਤਲਾਸ਼ੀ ਮੁਹਿੰਮ
ਸ੍ਰੀ ਮੁਕਤਸਰ ਸਾਹਿਬ/ਲੰਬੀ(ਗੁਰਸੇਵਕ ਸਿੰਘ ਪ੍ਰੀਤ/ਇਕਬਾਲ ਸਿੰਘ ਸ਼ਾਂਤ): ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਜ਼ਿਲ੍ਹੇ ਨਾਲ ਲੱਗਦੀਆਂ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਸੀਲ ਕਰਕੇ ਸ਼ਰਾਰਤੀ ਅਨਸਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੀ ਜਾਂਚ ਕੀਤੀ ਜਾਵੇਗੀ। ਇਸ ਵਾਸਤੇ ਗੁਆਂਢੀ ਸੂਬਿਆਂ ਦੀ ਪੁਲੀਸ ਦੀ ਮਦਦ ਵੀ ਲਈ ਜਾਵੇਗੀ। ਅੱਜ ਮੁਹਿੰਮ ਦੌਰਾਨ ਡੱਬਵਾਲੀ ਦੇ ਐੱਸਪੀ ਦੀਪਤੀ ਗਰਗ, ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ ਦੀ ਪੁਲੀਸ ਮੌਕੇ ’ਤੇ ਮੌਜੂਦ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ 13 ਨਾਕੇ ਹਰਿਆਣਾ ਅਤੇ 6 ਨਾਕੇ ਰਾਜਸਥਾਨ ਸਰਹੱਦ ’ਤੇ ਲਾਏ ਗਏ ਹਨ। ਇਨ੍ਹਾਂ ਨਾਕਿਆਂ ’ਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।