ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਸਤੰਬਰ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਲਗਾਤਾਰ ਕੋਸ਼ਿਸ਼ਾਂ ਸਦਕਾ ਰੂਸੀ ਫੌਜ ਨੇ 15 ਭਾਰਤੀ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਨੂੰ ਜਲਦ ਹੀ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਹਨ। ਸ੍ਰੀ ਸਾਹਨੀ ਨੇ ਦੱਸਿਆ ਕਿ ਰੂਸੀ ਫੌਜ ਵਿੱਚ ਭਰਤੀ ਕੀਤੇ ਕੁੱਲ 91 ਭਾਰਤੀ ਨੌਜਵਾਨਾਂ ਵਿੱਚੋਂ 8 ਸ਼ਹੀਦ ਹੋ ਗਏ ਸਨ ਅਤੇ 15 ਨੂੰ ਹੁਣ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਬਾਕੀ 69 ਵੀ ਬਹੁਤ ਜਲਦੀ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਰੂਸ ਵਿੱਚ ਫਸੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਤੇਜਪਾਲ ਸਿੰਘ ਰੂਸ ਫੌਜ ਵਿਚ ਸੀ ਅਤੇ ਯੂਕਰੇਨ ਜੰਗ ਦੌਰਾਨ ਮਾਰਚ ਵਿਚ ਸ਼ਹੀਦ ਹੋ ਗਿਆ ਸੀ, ਜਿਸ ਦੇ ਪਰਿਵਾਰ ਨੂੰ ਜੂਨ ਵਿੱਚ ਇਸ ਬਾਰੇ ਪਤਾ ਲੱਗਿਆ। ਹੁਣ ਤੱਕ ਉਸ ਲਾਸ਼ ਵਾਪਸ ਨਹੀਂ ਪੁੱਜੀ। ਅੰਮ੍ਰਿਤਸਰ ਦਾ ਇੱਕ ਹੋਰ ਨੌਜਵਾਨ ਹਰਪ੍ਰੀਤ ਸਿੰਘ ਵੀ ਰੂਸ ਦੀ ਫੌਜ ਵਿੱਚ ਹੈ ਅਤੇ ਵਾਪਸ ਪਰਤਣਾ ਚਾਹੁੰਦਾ ਹੈ।