ਚੰਡੀਗੜ੍ਹ, 9 ਸਤੰਬਰ
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ’ਤੇ ਉਮੀਦਵਾਰਾਂ ਦੇ ਨਾਮ ’ਚ ਦੇਰੀ ਹੋਣ ’ਤੇ ਪੰਚਕੂਲਾ ’ਚ ‘ਆਪ’ ਦਾ ਜ਼ਿਲ੍ਹਾ ਪ੍ਰਧਾਨ ਰਣਜੀਤ ਉੱਪਲ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਿਆ। ਉੱਪਲ ਨੇ ਕਿਹਾ ਕਿ ਉਹ ਭਾਜਪਾ ’ਚ ਇਸ ਕਰਕੇ ਸ਼ਾਮਲ ਹੋਇਆ ਹੈ ਕਿਉਂਕਿ ਪਾਰਟੀ ਉਮੀਦਵਾਰਾਂ ਦੇ ਨਾਮ ਐਲਾਨਣ ਦੀ ਬਜਾਏ ਕਾਂਗਰਸ ਨਾਲ ਸੀਟਾਂ ਦੀ ਵੰਡ ਕਰਨ ’ਚ ਰੁੱਝੀ ਹੋਈ ਹੈ। ਉੱਪਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ ਵੀ ਮੌਜੂਦ ਸਨ, ਜਿਨ੍ਹਾਂ ਦੀ ਮਾਂ ਸ਼ਕਤੀ ਰਾਣੀ ਸ਼ਰਮਾ ਨੂੰ ਭਾਜਪਾ ਨੇ ਕਾਲਕਾ ਤੋਂ ਉਮੀਦਵਾਰਾ ਐਲਾਨਿਆ ਹੈ। ਉੱਪਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ 41 ਉਮੀਦਵਾਰਾਂ ਦੇ ਨਾਮ ਤੈਅ ਕਰ ਦਿੱਤੇ ਹਨ, ਜਦਕਿ ‘ਆਪ’ ਅਜੇ ਵੀ ਉਸ ਨਾਲ ਗੱਠਜੋੜ ਹੋਣ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਪਹਿਲਾਂ ਕਾਂਗਰਸ ਨੂੰ ਭੰਡਦੀ ਆ ਰਹੀ ਸੀ ਪਰ ਹੁਣ ਉਹ ਉਸ ਨਾਲ ਗੱਠਜੋੜ ਕਰਨ ਲਈ ਰਾਜ਼ੀ ਦਿਖਾਈ ਦੇ ਰਹੀ ਹੈ। -ਆਈਏਐੱਨਐੱਸ