ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 9 ਸਤੰਬਰ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਵੱਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਛੇ ਗੈਂਗਸਟਰਾਂ ਨੂੰ ਵੱਖ-ਵੱਖ ਮੁਲਕਾਂ ’ਚੋਂ ਹਵਾਲਗੀ ਅਧੀਨ ਭਾਰਤ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਏਜੀਟੀਐਫ਼ ਨੇ ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਦੀਆਂ ਇਤਰਾਜ਼ਯੋਗ ਪੋਸਟਾਂ ਅਪਲੋਡ ਕਰਨ ਵਾਲੇ 203 ਸੋਸ਼ਲ ਮੀਡੀਆ ਖਾਤਿਆਂ ਨੂੰ ਵੀ ਬਲਾਕ ਕੀਤਾ ਗਿਆ ਹੈ। ਅੱਜ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਹੈੱਡਕੁਆਰਟਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਜੀਟੀਐਫ਼ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਹੁਣ ਤੱਕ ਏਜੀਟੀਐਫ਼ ਵੱਲੋਂ 1408 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 12 ਗੈਂਗਸਟਰ ਅਤੇ 505 ਗੈਂਗਸਟਰਾਂ ਦੇ ਗਰੋਹ ਮੈਂਬਰ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਜੀਟੀਐਫ਼ ਵੱਲੋਂ ਯੂਏਈ, ਅਜ਼ਰਬਾਇਜਾਨ ਅਤੇ ਹਾਂਗਕਾਂਗ ਤੋਂ 1-1 ਅਤੇ ਫਿਲਪੀਨਸ ਤੋਂ ਦੋ ਗੈਂਗਸਟਰਾਂ ਨੂੰ ਹਵਾਲਗੀ ਅਧੀਨ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਗੈਂਗਸਟਰ ਵਿਕਰਮਜੀਤ ਸਿੰਘ ਬਰਾੜ ਉਰਫ਼ ਵਿੱਕੀ ਵਾਸੀ ਪਿੰਡ ਡਿੰਗਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਨੂੰ ਯੂਏਈ ਤੋਂ, ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਪੀਟਾ ਵਾਸੀ ਪਿੰਡ ਬੁਈਆਂਵਾਲਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਕੈਨੇਡਾ ਸਥਿਤ ਦਹਿਸ਼ਤਗਰਦ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦੇ ਸਾਥੀ ਮਨਦੀਪ ਸਿੰਘ ਨੂੰ ਫਿਲਪੀਨਜ਼ ਤੋਂ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਰਮਨਜੀਤ ਸਿੰਘ ਉਰਫ਼ ਰੋਮੀ ਵਾਸੀ ਬੰਗੀ ਕਲਾਂ, ਜ਼ਿਲ੍ਹਾ ਬਠਿੰਡਾ ਨੂੰ ਹਾਂਗਕਾਂਗ ਤੋਂ ਅਤੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਗੈਂਗਸਟਰ ਸਚਿਨ ਥਾਪਾ ਉਰਫ਼ ਸਚਿਨ ਬਿਸ਼ਨੋਈ ਵਾਸੀ ਪਿੰਡ ਦੁਤਾਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਨੂੰ ਅਜ਼ਰਬਾਇਜਾਨ ਤੋਂ ਹਵਾਲਗੀ ਤਹਿਤ ਲਿਆਂਦਾ ਗਿਆ ਹੈ।
ਏਜੀਟੀਐਫ਼ ਦੇ ਏਆਈਜੀ ਗੁਰਮੀਤ ਚੌਹਾਨ, ਏਆਈਜੀ ਸੰਦੀਪ ਗੋਇਲ ਅਤੇ ਐੱਸਐੱਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਛੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਸਨਸਨੀਖੇਜ਼ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ।