ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਸਤੰਬਰ
ਪੰਜਾਬ ਸਰਕਾਰ ਵੱਲੋਂ ਮੰਗਾਂ ਦੀ ਪੂਰਤੀ ਪ੍ਰਤੀ ਸੁਹਿਰਦਤਾ ਨਾ ਵਿਖਾਉਣ ਵਜੋਂ ਅੱਜ ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮ ਤਿੰਨ ਰੋਜ਼ਾ ਸੂਬਾਈ ‘ਹੜਤਾਲ’ ਉੱਤੇ ਚਲੇ ਗਏ ਹਨ। ਉਂਜ ਤਕਨੀਕੀ ਕਾਰਨਾਂ ਕਰਕੇ ਇਨ੍ਹਾਂ ਸਮੂਹ ਕਾਮਿਆਂ ਨੇ ਅੱਜ ਸਮੂਹਿਕ ਛੁੱਟੀ ਲੈ ਲਈ ਹੈ। ਇਸ ਤਹਿਤ ਉਹ 10 ਤੋਂ 12 ਸਤੰਬਰ ਤੱਕ ਕਿਸੇ ਵੀ ਕੰਮ ਨੂੰ ਹੱਥ ਨਹੀਂ ਪਾਉਣਗੇ। ਸਮੂਹਿਕ ਛੁੱਟੀ ਦੇ ਰੂਪ ’ਚ ਤਿੰਨ ਰੋਜ਼ਾ ਇਹ ਹੜਤਾਲ਼ ਅਧਿਕਾਰਤ ਤੌਰ ’ਤੇ 9 ਤੇ 10 ਸਤੰਬਰ ਨੂੰ ਅੱਧੀ ਰਾਤੋਂ ਸ਼ੁਰੂ ਹੋ ਗਈ। ਭਾਵੇਂ ਕਿ ਮੈਨੇਜਮੈਂਟ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ, ਪਰ ਸੂਬੇ ਦੇ ਇਨ੍ਹਾਂ ਮੁਲਾਜ਼ਮਾਂ ਦੇ ਇਸ ਕਦਰ ਹੜਤਾਲ ’ਤੇ ਚਲੇ ਜਾਣ ਕਰਕੇ ਅਗਲੇ ਦਿਨੀਂ ਪੰਜਾਬ ਵਾਸੀਆਂ ਨੂੰ ਬਿਜਲੀ ਸੰਕਟ ਨਾਲ ਵੀ ਜੂਝਣਾ ਪੈ ਸਕਦਾ ਹੈ। ਉਧਰ, ਇਨ੍ਹਾਂ ਤਿੰਨ ਦਿਨਾਂ ਦੌਰਾਨ ਬਿਜਲੀ ਮੁਲਾਜ਼ਮ ਬਿਜਲੀ ਮੰਤਰੀ ਸਣੇ ਸਮੁੱਚੀ ਮੈਨੇਜਮੈਂਟ ਤੇ ਸਰਕਾਰ ਖ਼ਿਲਾਫ਼ ਰਾਜ ਭਰ ’ਚ ਥਾਂ-ਥਾਂ ’ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ ਅਤੇ ਮੁਜ਼ਾਹਰੇ ਕਰਕੇ ਉਹ ਲੋਕਾਂ ਵਿੱਚ ਵੀ ਆਪਣੀ ਗੱਲ ਰੱਖਣਗੇ।
ਇਸ ਸਬੰਧੀ ‘ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ’ ਦੇ ਸੂਬਾਈ ਸਕੱਤਰ ਹਰਪਾਲ ਸਿੰਘ ਧਾਲੀਵਾਲ, ਰਤਨ ਸਿੰਘ ਮਜਾਰੀ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਵੇਲ ਸਿੰਘ ਬੱਲੇਪੁਰੀਆ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਦੇ ਸੂਬਾਈ ਆਗੂ ਰਣਜੀਤ ਸਿੰਘ ਢਿੱਲੋਂ ਸਣੇ ਕਈ ਹੋਰ ਆਗੂਆਂ ਨੇ ਇਸ ‘ਹੜਤਾਲ਼’ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਤਰਕ ਸੀ ਕਿ ਹਜ਼ਾਰਾਂ ਮੁਲਾਜ਼ਮਾਂ ਦੀ ਸੇਵਾਮੁਕਤੀ ਦੇ ਬਾਵਜੂਦ ਚਿਰਾਂ ਤੋਂ ਭਰਤੀ ਨਾ ਹੋਣ ਕਾਰਨ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਕਰਕੇ ਉਨ੍ਹਾਂ ’ਤੇ ਕੰਮ ਦਾ ਬੋਝ ਵਧ ਗਿਆ ਹੈ। ਇਸੇ ਕਰਕੇ ਵੱਡੇ ਹਾਦਸੇ ਵੀ ਵਾਪਰਦੇ ਰਹਿੰਦੇ ਹਨ ਤੇ ਐਤਕੀਂ ਝੋਨੇ ਦੇ ਸੀਜ਼ਨ ’ਚ ਹੀ ਅਨੇਕਾਂ ਮੁਲਾਜ਼ਮ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 20 ਤੋਂ ਵੱਧ ਮੁਲਾਜ਼ਮ ਜਾਨ ਤੋਂ ਵੀ ਹੱਥ ਧੋ ਚੁੱਕੇ ਹਨ ਜਿਨ੍ਹਾਂ ਦੇ ਵਾਰਸਾਂ ਲਈ ਢੁਕਵਾਂ ਮੁਆਵਜ਼ਾ ਤੇ ਹੋਰ ਸੁਵਿਧਾਵਾਂ ਯਕੀਨੀ ਬਣਾਉਣ ਦੀ ਮੰਗ ਵੀ ਸਰਕਾਰ ਨਹੀਂ ਮੰਨ ਰਹੀ।
ਜੁਆਇੰਟ ਫੋਰਮ ਦੇ ਸਕੱਤਰ ਹਰਪਾਲ ਧਾਲ਼ੀਵਾਲ਼ ਦਾ ਕਹਿਣਾ ਸੀ ਕਿ 6 ਸਤਬੰਰ ਦੀ ਮੀਟਿੰਗ ’ਚ ਵੀ ਮੰਤਰੀ ਤੇ ਮੈਨੇਜਮੈਂਟ ਨੇ ਮੰਗਾਂ ਪ੍ਰਤੀ ਸੰਜੀਦਗੀ ਨਾ ਵਿਖਾਈ, ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਦਾ ਇਹ ਰਾਹ ਅਖ਼ਤਿਆਰ ਕਰਨਾ ਪਿਆ ਹੈ। ਇਸੇ ਦੌਰਾਨ ਬਲਦੇਵ ਮੰਢਾਲੀ, ਪੂਰਨ ਖਾਈ, ਮਨਜੀਤ ਚਾਹਲ, ਸਰਬਜੀਤ ਭਾਣਾ ਆਦਿ ਨੇ ਵੀ ਸਰਕਾਰ ਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਲਾਗੂ ਨਾ ਕੀਤੀਆਂ ਤਾਂ ਇਸ ਸੰਘਰਸ਼ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਸਕੱਤਰ ਹਰਪਾਲ ਧਾਲੀਵਾਲ ਦਾ ਕਹਿਣਾ ਸੀ ਕਿ 9 ਸਤੰਬਰ ਰਾਤੀਂ ਅੱਠ ਵਜੇ ਤੱਕ 85 ਫ਼ੀਸਦੀ ਬਿਜਲੀ ਮੁਲਾਜ਼ਮ ਛੁੱਟੀ ਲੈ ਚੁੱਕੇ ਸਨ। ਸੰਘਰਸ਼ ਦੀ ਤਿਆਰੀ ਸਬੰਧੀ ਮੀਟਿੰਗ ਕਰਕੇ ਪ੍ਰੋਗਰਾਮ ਉਲੀਕੇ ਗਏ ਹਨ।