ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਸਤੰਬਰ
ਸ਼੍ੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਨਾਲ ਸਬੰਧਤ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਪੋ ਆਪਣਾ ਸਪੱਸ਼ਟੀਕਰਨ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੌਂਪਿਆ। ਦੋਵਾਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਅਕਾਲ ਤਖ਼ਤ ਵੱਲੋਂ ਜੋ ਵੀ ਆਦੇਸ਼ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨੇ ਵੀ ਆਪਣਾ ਸਪੱਸ਼ਟੀਕਰਨ ਸੌਂਪਿਆ।
ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਆਪਣਾ ਸਪੱਸ਼ਟੀਕਰਨ ਸੌਂਪਣ ਤੋਂ ਬਾਅਦ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸ਼੍ੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ 2007 ਤੋਂ ਲੈ ਕੇ 2017 ਤੱਕ ਅਕਾਲੀ ਵਜ਼ਾਰਤ ਵੇਲੇ ਸਿਰਫ 16 ਦਿਨ ਮੰਤਰੀ ਰਹੇ ਹਨ। 2007 ਤੋਂ ਲੈ ਕੇ 2012 ਤੱਕ ਉਹ ਨਾ ਤਾਂ ਵਿਧਾਇਕ ਸਨ ਅਤੇ ਨਾ ਹੀ ਮੰਤਰੀ। 2012 ਵਿੱਚ ਉਹ 14 ਮਾਰਚ ਨੂੰ ਮੰਤਰੀ ਬਣੇ ਸਨ ਅਤੇ 30 ਮਾਰਚ ਨੂੰ ਅਸਤੀਫ਼ਾ ਦੇ ਦਿੱਤਾ ਸੀ। ਇਨ੍ਹਾਂ 16 ਦਿਨਾਂ ਦੌਰਾਨ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਨਾ ਤਾਂ ਕੋਈ ਵਿਵਾਦਪੂਰਨ ਫ਼ੈਸਲਾ ਕੀਤਾ ਸੀ ਅਤੇ ਨਾ ਹੀ ਕੋਈ ਫੈਸਲਾ ਵਿਚਾਰਿਆ ਗਿਆ ਸੀ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਅਕਾਲ ਤਖ਼ਤ ਵੱਲੋਂ ਰਾਜਸੀ ਜਾਂ ਧਾਰਮਿਕ ਤੌਰ ’ਤੇ ਰੋਕ ਲਾ ਦਿੱਤੀ ਜਾਂਦੀ ਹੈ, ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਦਾ ਫੈਸਲਾ ਅਕਾਲ ਤਖ਼ਤ ਨੇ ਕਰਨਾ ਹੈ ਅਤੇ ਉਹ ਇਸ ਬਾਰੇ ਉਨ੍ਹਾਂ ਨੂੰ ਕੋਈ ਸੁਝਾਅ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜੇ ਉਸ ਵੇਲੇ ਦੇ ਸ਼੍ੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਤਾਂ ਉਨ੍ਹਾਂ ਨੂੰ ਵੀ ਇੱਥੇ ਆ ਕੇ ਸੱਚ ਬੋਲਣਾ ਚਾਹੀਦਾ ਹੈ। ਅਕਾਲੀ ਸਰਕਾਰ ਵੇਲੇ ਵਿੱਤ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਆਦੇਸ਼ ਹੋਵੇਗਾ, ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਜ਼ਿਕਰਯੋਗ ਹੈ ਕਿ ਕੱਲ੍ਹ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਦੋਵਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨੂੰ ਅਸਤੀਫ਼ੇ ਸੌਂਪ ਦਿੱਤੇ ਸਨ।
ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਅਕਾਲ ਤਖ਼ਤ ਦੇ ਹਰ ਫ਼ੈਸਲੇ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਕੰਮ ਕਰਦਿਆਂ ਜੇ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋਈ ਹੈ ਤਾਂ ਉਹ ਉਸ ਦੀ ਮੁਆਫ਼ੀ ਮੰਗਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਨਾਲ ਖੜ੍ਹੇ ਹਨ। ਅਕਾਲੀ ਦਲ ਦੇ ਅੰਦਰੂਨੀ ਸੰਕਟ ਦੇ ਮਾਮਲੇ ਨੂੰ ਵਿਚਾਰਦਿਆਂ ਹੋਇਆ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਤੇ 2007 ਤੋਂ ਲੈ ਕੇ 2017 ਤੱਕ ਅਕਾਲੀ ਵਜ਼ਾਰਤ ਵੇਲੇ ਮੰਤਰੀ ਰਹੇ 17 ਸਿੱਖ ਵਜ਼ੀਰਾਂ ਨੂੰ 15 ਦਿਨਾਂ ਵਿੱਚ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ।
ਪੰਥਕ ਮਾਮਲਿਆਂ ਵਿੱਚ ਹਮੇਸ਼ਾ ਮਰਿਆਦਾ ਖ਼ਿਲਾਫ਼ ਡਟ ਕੇ ਖੜ੍ਹੀ ਹਾਂ: ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਹੀ ਮਰਿਆਦਾ ਦੇ ਹਾਮੀ ਰਹੇ ਹਨ ਅਤੇ ਪੰਥਕ ਮਾਮਲਿਆਂ ਵਿੱਚ ਮਰਿਆਦਾ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹੋਏ ਹਨ। ਇਸੇ ਕਾਰਨ ਹੀ ਉਨ੍ਹਾਂ ਨੂੰ ਦੋ ਵਾਰ ਪਾਰਟੀ ਤੋਂ ਬਾਹਰ ਵੀ ਕੱਢਿਆ ਗਿਆ ਹੈ। ਉਨ੍ਹਾਂ ਹਵਾਲਾ ਦਿੱਤਾ ਕਿ ਸੰਨ 2000 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਗਿਆਨੀ ਪੂਰਨ ਸਿੰਘ ਨੇ ਮਰਿਆਦਾ ਦੀ ਉਲੰਘਣਾ ਕੀਤੀ ਸੀ ਤਾਂ ਉਹ ਉਸ ਦੇ ਖ਼ਿਲਾਫ਼ ਵੀ ਡਟ ਕੇ ਖੜ੍ਹੇ ਹੋਏ ਸਨ, ਜਦੋਂ ਸ਼ਤਾਬਦੀ ਸਮਾਗਮਾਂ ਵਿੱਚ ਗੁਰਬਾਣੀ ਦੇ ਨਾਲ ਛੇੜ ਛਾੜ ਦਾ ਮਾਮਲਾ ਆਇਆ ਤਾਂ ਉਸ ਵੇਲੇ ਵੀ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਇੱਕ ਗੱਲ ਸਭ ਦੇ ਸਾਹਮਣੇ ਸਪੱਸ਼ਟ ਹੋ ਗਈ ਹੈ ਕਿ ਅਕਾਲ ਤਖ਼ਤ ਸਰਵਉੱਚ ਹੈ ਅਤੇ ਸਭ ਨੂੰ ਉਸ ਦਾ ਹੁਕਮ ਮੰਨਣਾ ਪਵੇਗਾ। ਇਸ ਨਾਲ ਲੋਕਾਂ ਨੂੰ ਮੁਆਫ਼ੀ ਮੰਗਣ ਸਬੰਧੀ ਵਿਧੀ ਵਿਧਾਨ ਬਾਰੇ ਵੀ ਜਾਣਕਾਰੀ ਮਿਲ ਗਈ ਹੈ।